ਨਵਾਂਸ਼ਹਿਰ ਦੇ ਰੂਪਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਭਰਥਲਾ ਨੇੜੇ ਇਕ ਟਰੱਕ ਨੇ ਅੱਗੇ ਜਾ ਰਹੀ ਹੌਂਡਾ ਸਿਟੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਜਾ ਰਹੇ ਮੋਟਰਸਾਈਕਲ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਡ ਸੇਫਟੀ ਫੋਰਸ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਰਾਹਗੀਰਾਂ ਤੋਂ ਸੂਚਨਾ ਮਿਲਣ ਦੇ ਬਾਅਦ ਉਹ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕਰਨ ‘ਤੇ ਪਤਾ ਲੱਗਾ ਟਰੱਕ ਜਦੋਂ ਭਰਥਲਾ ਪਿੰਡ ਨੇੜੇ ਪੁੱਜਾ ਤਾਂ ਟਰੱਕ ਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਅੱਗੇ ਜਾ ਰਹੀ ਹੌਂਡਾ ਸਿਟੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਨੂੰ ਬਲਵੀਰ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਟਰੱਕ ਨਾਲ ਟਕਰਾਉਣ ਤੋਂ ਬਾਅਦ ਹੌਂਡਾ ਸਿਟੀ ਕਾਰ ਬੇਕਾਬੂ ਹੋ ਕੇ ਅੱਗੇ ਜਾ ਰਹੇ ਮੋਟਰਸਾਈਕਲ ਨਾਲ ਟਕਰਾ ਗਈ। ਮੋਟਰਸਾਈਕਲ ਸਵਾਰ ਓਮਨਾਥ ਵਾਸੀ ਸੁਰਪੁਰ ਥਾਣਾ ਕਾਠਗੜ੍ਹ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਸਮੇਂ ਨੌਜਵਾਨ ਡਿਊਟੀ ‘ਤੇ ਜਾ ਰਿਹਾ ਸੀ। ਉਸ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਐਸਐਸਐਫ ਦੀ ਟੀਮ ਨੇ ਜ਼ਖ਼ਮੀ ਓਮਨਾਥ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਰੋਪੜ ਭੇਜਿਆ। ਇਸ ਦੌਰਾਨ ਵਿਘਨ ਪਈ ਆਵਾਜਾਈ ਨੂੰ ਸੁਚਾਰੂ ਕਰਵਾਇਆ ਗਿਆ।