ਪੰਜਾਬ ਦੀਆਂ 5 ਨਗਰ ਨਿਗਮਾਂ ਵਿਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤਕ ਚੱਲੇਗੀ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੀਆਂ ਅੱਜ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀਆਂ 5 ਨਗਰ ਨਿਗਮਾਂ ਤੋਂ ਇਲਾਵਾ 44 ਨਗਰ ਕੌਂਸਲਾਂ ਵਿਚ ਵੀ ਚੋਣਾਂ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 34 ਤੋਂ ਉਮੀਦਵਾਰ ਤਜਿੰਦਰ ਮਹਿਤਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਵਲੋਂ ਬੂਥ ਦੇ ਅੰਦਰ ਹੰਗਾਮਾ ਕੀਤਾ ਗਿਆ ਹੈ। ਵੋਟਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਭਾਜਪਾ ਵਲੋਂ ਬਾਹਰੀ ਵਿਅਕਤੀਆਂ ਨੂੰ ਬੂਥ ਦੇ ਬਾਹਰ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਨੀਲ ਨਈਅਰ ਨੇ ਸੱਤਾ ਧਿਰ ‘ਤੇ ਦੋਸ਼ ਲਗਾਉਂਦਾ ਹੋਇਆ ਆਸ਼ਰਮ ਵਿਚ ਬਣੇ ਬੂਥ ਦੀ ਛੱਤ ‘ਤੇ ਚੜ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਭਾਜਪਾ ਉਮੀਦਵਾਰ ਦਾ ਦੋਸ਼ ਹੈ ਕਿ ਸੱਤਾ ਧਿਰ ਵਲੋਂ ਜਾਅਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ ਅਤੇ ਪੁਲਿਸ ਵਲੋਂ ਧੱਕਾ ਕਰਨ ਵਾਲਿਆਂ ਦਾ ਸਾਥ ਦਿਤਾ ਜਾ ਰਿਹਾ ਹੈ। ਇਸ ਹੰਗਾਮੇ ਦੌਰਾਨ ਸੁਰੱਖਿਆ ਬਲਾਂ ਵਲੋਂ ਬੂਥ ਦਾ ਗੇਟ ਬੰਦ ਕਰ ਕੇ ਵੋਟਿੰਗ ਕੁਝ ਦੇਰ ਲਈ ਰੋਕ ਦਿਤੀ ਗਈ ਹੈ। ਪਟਿਆਲਾ ਨਗਰ ਨਿਗਮ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਤੜਕੇ ਹੀ ਸ਼ਹਿਰ ਦੇ ਵਾਰਡ ਨੰਬਰ 40 ਵਿਚ ਪੱਥਰਬਾਜ਼ੀ ਹੋਣ ਦੀ ਸੂਚਨਾ ਮਿਲੀ ਹੈ। ਵਾਰਡ 40 ਤੋਂ ਭਾਜਪਾ ਉਮੀਦਵਾਰ ਅਨੂਜ ਖੋਸਲਾ ਨੇ ਦੋਸ਼ ਲਗਾਇਆ ਕਿ ਉਹ ਤੜਕਸਾਰ ਸਵੇਰੇ ਅਪਣੇ ਬੂਥ ‘ਤੇ ਫ਼ਾਰਮ ਦੇਣ ਲਈ ਪਰਵਾਰ ਸਮੇਤ ਜਾ ਰਹੇ ਸਨ ਤਾਂ ਇਸੇ ਦੌਰਾਨ ਹੀ ਸਰਕਾਰੀ ਸਕੂਲ ਵਿਚ ਬਣੇ ਬੂਥ ਦੇ ਸਾਹਮਣੇ ਤੋਂ ਕੁਝ ਬਦਮਾਸ਼ਾਂ ਦਾ ਗਰੁੱਪ ਆਇਆ ਅਤੇ ਉਨ੍ਹਾਂ ਤੇ ਪੱਥਰ ਮਾਰਨੇ ਸ਼ੁਰੂ ਕਰ ਦਿਤੇ। ਇਸ ਦੌਰਾਨ ਬੀਐਸਐਫ਼ ਵਲੋਂ ਵੀ ਪੱਥਰਬਾਜ਼ਾਂ ਨੂੰ ਮੌਕੇ ਤੋਂ ਭਜਾਇਆ ਗਿਆ ਅਤੇ ਪੁਲਿਸ ਵੀ ਮੌਕੇ ‘ਤੇ ਪੁੱਜੀ।