ਪਹਿਲੀ ਜਮਾਤ ਦੀ ਮਾਸੂਮ ਬੱਚੀ ਅਮਾਇਰਾ ਦੀ ਮੌਤ ਦੇ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਬੀਸੀਐਮ ਸਕੂਲ ਦੇ ਪ੍ਰਿੰਸੀਪਲ ਡੀਪੀ ਗੁਲੇਰੀਆ ਨੂੰ ਸ਼ਨੀਚਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਜਲਦੀ ਹੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਕਾਬਲੇ ਗੌਰ ਹੈ ਕਿ ਬੀਤੇ ਸੋਮਵਾਰ ਸਵੇਰੇ 32 ਸੈਕਟਰ ‘ਚ ਪੈਂਦੇ ਬੀਸੀਐਮ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਅਮਾਇਰਾ (6) ਦੀ ਮੌਤ ਉਸੇ ਬੱਸ ਹੇਠਾਂ ਆਉਣ ਕਾਰਨ ਹੋ ਗਈ ਸੀ ਜਿਸ ਵਿਚ ਸਵਾਰ ਹੋ ਕੇ ਉਹ ਸਕੂਲ ਤੋਂ ਆਈ ਸੀ। ਬੱਸ ਡਰਾਈਵਰ ਤੇ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਚੱਲਦੇ ਇਹ ਭਿਆਨਕ ਹਾਦਸਾ ਵਾਪਰਿਆ ਸੀ। ਮਾਸੂਮ ਬੱਚੀ ਬੱਸ ਦੇ ਅਗਲੇ ਟਾਇਰ ਹੇਠਾਂ ਆਈ ਸੀ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਬੱਸ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਸੀ। ਪ੍ਰਿੰਸੀਪਲ ਡੀਪੀ ਗੁਲੇਰੀਆ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲੜਕੀ ਦੇ ਮਾਪੇ ਅਤੇ ਇਲਾਕਾ ਵਾਸੀ ਥਾਣੇ ਦੇ ਬਾਹਰ ਲਗਾਤਾਰ ਧਰਨਾ ਦੇ ਰਹੇ ਸਨ। ਸ਼ਨਿਚਰਵਾਰ ਨੂੰ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪ੍ਰਿੰਸੀਪਲ ਡੀਪੀ ਗੁਲੇਰੀਆ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।