ਪੰਜਾਬ ‘ਚ ਪੁਲਿਸ ਥਾਣਿਆਂ ਅਤੇ ਚੌਕੀਆਂ ‘ਤੇ ਲਗਾਤਾਰ ਹੋ ਰਹੇ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਸੂਬੇ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ। ਥਾਣਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਤੰਤਰ ਤਾਇਨਾਤ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਹੋਏ ਹਮਲਿਆਂ ਵਿਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਥਾਣਿਆਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਹੈ। ਅਜਿਹੇ ‘ਚ ਅੰਮ੍ਰਿਤਸਰ ਦੇ ਥਾਣਿਆਂ ‘ਚ ਜਾਲ ਵਿਛਾਇਆ ਗਿਆ ਹੈ। ਥਾਣਿਆਂ ਦੀਆਂ ਛੱਤਾਂ ‘ਤੇ ਜਾਲ ਵਿਛਾਏ ਗਏ ਹਨ, ਤਾਂ ਜੋ ਬੰਬ ਹੇਠਾਂ ਨਾ ਡਿੱਗੇ ਅਤੇ ਹਵਾ ‘ਚ ਧਮਾਕਾ ਹੋਣ ਨਾਲ ਨੁਕਸਾਨ ਘੱਟ ਹੋਵੇ। ਜਿਨ੍ਹਾਂ ਥਾਣਿਆਂ ਦੀਆਂ ਕੰਧਾਂ ਛੋਟੀਆਂ ਹਨ, ਉਨ੍ਹਾਂ ਦੀਆਂ ਦੀਵਾਰਾਂ ’ਤੇ ਜਾਲ ਲਗਾ ਕੇ ਉੱਚਾ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਐਤਵਾਰ ਰਾਤ ਨੂੰ ਖੁਦ ਗਸ਼ਤ ‘ਤੇ ਨਿਕਲੇ ਸਨ। ਉਨ੍ਹਾਂ ਚੌਕੀਆਂ ਅਤੇ ਥਾਣਿਆਂ ਦਾ ਜਾਇਜ਼ਾ ਲਿਆ। ਪੀ.ਸੀ.ਆਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਰਾਤ ਦੀ ਗਸ਼ਤ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ ਹੈ। ਗਸ਼ਤ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਰਾਤ ਸਮੇਂ ਥਾਣਿਆਂ ਦੇ ਗੇਟ ਬੰਦ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।