ਬੀਤੀ ਦੇਰ ਰਾਤ ਕਰੀਬ 9 ਵਜੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਵਿਧਾਨਪੁਰ ਨੇੜੇ ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਨੋਵਾ ਗੱਡੀ ਨੇ ਕੁਚਲ ਦਿਤਾ। ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਨੇ ਮੌਕੇ ‘ਤੇ ਹੀ ਦਮ ਤੋੜ ਦਿਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਦਸਿਆ ਕਿ ਉਕਤ ਗੱਡੀ ’ਤੇ ਪੁਲਿਸ ਦੀ ਲਾਲ ਬੱਤੀ ਵੀ ਲੱਗੀ ਹੋਈ ਸੀ। ਹਾਲਾਂਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ‘ਤੇ ਹੀ ਰੁਕ ਗਿਆ ਤੇ ਕੁਝ ਸਮੇਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਨੀਲਮ (36) ਵਾਸੀ ਵਿਧੀਪੁਰ ਵਜੋਂ ਹੋਈ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮ੍ਰਿਤਕ ਔਰਤ ਦੇ ਦਿਓਰ ਜਸਵਿੰਦਰ ਪਾਲ ਨੇ ਦਸਿਆ ਕਿ ਉਸ ਦੀ ਭਰਜਾਈ ਨੀਲਮ ਸੂਰਾਨੁਸੀ ਨੇੜੇ ਇਕ ਫ਼ੈਕਟਰੀ ਵਿਚ ਕੰਮ ਕਰਦੀ ਸੀ। ਫ਼ੈਕਟਰੀ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ 9 ਵਜੇ ਘਰ ਵਾਪਸ ਪਰਤ ਰਹੀ ਸੀ। ਉਹ ਆਪ ਵੀ ਇਸੇ ਸੜਕ ਤੋਂ ਘਰ ਜਾ ਰਿਹਾ ਸੀ। ਉਸ ਨੇ ਦੇਖਿਆ ਕਿ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਉਸ ਦੀ ਭਰਜਾਈ ਨੂੰ ਜਲੰਧਰ ਵਲੋਂ ਆ ਰਹੀ ਇਕ ਇਨੋਵਾ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿਤੀ। ਉਸ ਅਨੁਸਾਰ ਗੱਡੀ ’ਤੇ ਪੁਲਿਸ ਵਾਲੀ ਲਾਲ ਬੱਤੀ ਵੀ ਲੱਗੀ ਹੋਈ ਸੀ। ਪਹਿਲਾਂ ਕਾਰ ਚਾਲਕ ਰੁਕ ਗਿਆ, ਫਿਰ ਜਦੋਂ ਔਰਤ ਦੀ ਮੌਤ ਹੋ ਗਈ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਨੰਬਰ ਪਲੇਟ ਦੀ ਪਛਾਣ ਕਰਦਿਆਂ ਦਸਿਆ ਕਿ ਉਕਤ ਗੱਡੀ ਗੁਰਦਾਸਪੁਰ ਆਰ.ਟੀ.ਓ. ਤੋਂ ਰਜਿਸਟਰਡ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾਇਆ ਹੈ।