ਅੱਜ ਖਨੌਰੀ ਬਾਰਡਰ ’ਤੇ ਨਵਾਂ ਸਾਲ ਦੇ ਮੌਕੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ। ਕੁਝ ਦਿਨ ਪਹਿਲਾਂ ਵੀ ਬੱਬੂ ਮਾਨ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਣਨ ਪਹੁੰਚੇ ਸੀ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਇਸ ਦੌਰਾਨ ਸਿਆਸੀ ਆਗੂ ਅਤੇ ਗਾਇਕ ਡੱਲੇਵਾਲ ਨੂੰ ਇਸ ਅੰਦੋਲਨ ’ਚ ਮਿਲਣ ਲਈ ਪਹੁੰਚ ਰਹੇ ਹਨ। ਬੱਬੂ ਮਾਨ ਨੂੰ ਕਿਸਾਨੀ ਜਮੂਹਰੀਅਤ ਲਈ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੇ ਹਮੇਸ਼ਾਂ ਹੀ ਕਿਸਾਨਾਂ ਦੇ ਹੱਕ ਦਾ ਨਾਅਰਾ ਲਗਾਇਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਕਾਫ਼ਲਾ ਇੱਕ ਤੋਂ ਹੀ ਸ਼ੁਰੂ ਹੁੰਦਾ ਹੈ ਪਰ ਪਹਿਲ ਕਰਨੀ ਬਹੁਤ ਔਖੀ ਹੁੰਦੀ। ਕਈ ਲੋਕਾਂ ਨੇ ਮੈਨੂੰ ਵੀ ਪੁੱਛਿਆ ਕਿ ਕਲਾਕਾਰ ਅੰਦੋਲਨ’ਚ ਨਹੀਂ ਦਿਖਦੇ ਤਾਂ ਮੈਂ ਇਹੀ ਕਹਿੰਦਾ ਹੁੰਦਾ ਹਾਂ ਕਿ ਹਰ ਚੀਜ਼ ਨੂੰ ਵਕਤ ਲੱਗਦਾ ਹੁੰਦਾ ਹੈ। ਹੌਲੀ ਹੌਲੀ ਸਾਰੇ ਇਸ ਅੰਦੋਲਨ ਨਾਲ ਜੁੜ ਜਾਣਗੇ। ਉਨ੍ਹਾਂ ਨੇ ਬਾਕੀ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਮੈਂ ਪਹਿਲਾਂ ਆਇਆ ਸੀ ਤਾਂ ਡੱਲੇਵਾਲ ਜੀ ਕੁਝ ਨਾ ਕੁਝ ਗੱਲਾਂ ਕਰਦੇ ਸੀ ਪਰ ਹੁਣ ਉਨ੍ਹਾਂ ਦੀ ਸਿਹਤ ਨਾਜ਼ੁਕ ਹੋ ਚੁੱਕੀ ਹੈ। ਉਹ ਗੱਲਬਾਤ ਤੱਕ ਨਹੀਂ ਕਰ ਰਹੇ।