ਸੰਘਣੀ ਧੁੰਦ ਕਾਰਨ ਪੰਜਾਬ ’ਚ ਸੜਕ ਹਾਦਸਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਤਾਜ਼ਾ ਮਾਮਲਾ ਡਡਵਿੰਡੀ-ਕਪੂਰਥਲਾ ਮਾਰਗ ਤੋਂਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਇੱਕ ਆਈ ਟਵੰਟੀ ਗੱਡੀ ਡਿਵਾਈਡਰ ਨਾਲ ਟਕਰਾ ਕੇ ਉਸ ਦੇ ਉੱਪਰ ਜਾ ਚੜ੍ਹੀ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਉੱਡ ਗਏ।ਹਾਲਾਂਕਿ ਰਾਹਗੀਰਾਂ ਦੇ ਮੁਤਾਬਿਕ ਕਾਰ ਚਾਲਕਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਅਤੇ ਨਾ ਹੀ ਇਹ ਪਤਾ ਚੱਲ ਸਕਿਆ ਹੈ ਕਿ ਇਸ ਹਾਦਸੇ ਦੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਗੱਡੀ ਦੀ ਪਹਿਚਾਣ ਲਈ ਨੰਬਰ ਪਲੇਟਾਂ ਵੀ ਨਹੀਂ ਸਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਤਫ਼ਤੀਸ਼ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗੱਡੀ ’ਚ ਕੌਣ ਸਵਾਰ ਸਨ ਅਤੇ ਕਿੱਥੋਂ ਦੇ ਰਹਿਣ ਵਾਲੇ ਸਨ ਅਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਇਸ ਦੌਰਾਨ ਕੋਲੋਂ ਲੰਘਦੇ ਰਾਹਗੀਰਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਕਿ ਪ੍ਰਸ਼ਾਸਨ ਵੱਲੋਂ ਡਿਵਾਈਡਰ ਤਾਂ ਬਣਾਏ ਗਏ ਹਨ ਪਰ ਇਹਨਾਂ ਡਿਵਾਈਡਰਾਂ ਉੱਪਰ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਰਿਫ਼ਲੈਕਟਰ ਲਗਾਏ ਗਏ ਹਨ। ਜਿਸ ਕਾਰਨ ਅਕਸਰ ਹੀ ਇੱਥੇ ਹਾਦਸੇ ਵਾਪਰਦੇ ਹਨ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ।