ਜਲੰਧਰ ਸ਼ਹਿਰ ‘ਚ ਦੋ ਗੁੱਟਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ। ਇਹ ਘਟਨਾ ਕਮਲ ਵਿਹਾਰ ਅਤੇ ਏਕਤਾ ਨਗਰ ਵਿਚਕਾਰ ਸਥਿਤ ਸੁੱਚੀ ਪਿੰਡ ਵਲ ਜਾਣ ਵਾਲੀ ਰੇਲਵੇ ਲਾਈਨ ਕੋਲ ਵਾਪਰੀ। ਸੂਚਨਾ ਮਿਲਦੇ ਹੀ ਜੀ.ਆਰ.ਪੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਪਰ ਉਦੋਂ ਤਕ ਹਮਲਾਵਰ ਫ਼ਰਾਰ ਹੋ ਚੁਕੇ ਸਨ। ਜੀਆਰਪੀ ਥਾਣੇ ਦੇ ਐਸ.ਐਚ.ਓ ਪਲਵਿੰਦਰ ਸਿੰਘ ਭਿੰਡਰ ਨੇ ਦਸਿਆ ਕਿ ਗੋਲੀਬਾਰੀ ਦੀ ਸੂਚਨਾ ਕੰਟਰੋਲ ਰੂਮ ਤੋਂ ਮਿਲੀ ਸੀ। ਮੌਕੇ ‘ਤੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਰੇਲਵੇ ਫ਼ਾਟਕ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀਬਾਰੀ ਹੋਈ ਹੈ। ਘਟਨਾ ਦੌਰਾਨ ਗੋਲੀਆਂ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਡਰ ਗਏ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਘਟਨਾ ‘ਚ ਸ਼ਾਮਲ ਨੌਜਵਾਨਾਂ ਦੀ ਭਾਲ ਜਾਰੀ ਹੈ। ਫ਼ਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੜਾਈ ਦਾ ਕਾਰਨ ਕੀ ਸੀ ਅਤੇ ਗੋਲੀਬਾਰੀ ਕਰਨ ਵਾਲੇ ਕੌਣ ਸਨ। ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫ਼ੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸਥਾਨਕ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿਤੀ ਹੈ।