ਡਿਬਰੂਗੜ੍ਹ ਜੇਲ ’ਚ ਬੰਦ ਵਾਰਿਸ ਪੰਜਾਬ ਦੇ ਮੁਖੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਮੰਗਲਵਾਰ ਨੂੰ ਪੁਲਿਸ ਨੇ ਘਰ ਵਿਚ ਨਜ਼ਰਬੰਦ ਕਰ ਦਿਤਾ। ਕੁੱਝ ਹੀ ਦੇਰ ਵਿਚ ਭਾਰੀ ਪੁਲਿਸ ਫੋਰਸ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਪਹੁੰਚ ਗਈ ਅਤੇ ਉਨ੍ਹਾਂ ਦੀ ਰਿਹਾਇਸ਼ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ। ਤਰਸੇਮ ਸਿੰਘ ਨੇ ਹਾਲ ਹੀ ਵਿਚ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਜਾਣਕਾਰੀ ਅਨੁਸਾਰ ਇਹ ਪਾਰਟੀ ਮਾਘੀ ਮੇਲੇ ਦੌਰਾਨ ਬਣਾਈ ਜਾਣੀ ਸੀ। ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਤਰਸੇਮ ਸਿੰਘ ਨੇ ਨਵੀਂ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਕਰਨਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੌਮੀ ਇਨਸਾਫ਼ ਮੋਰਚਾ ਵਿਚ ਅਪਣੇ ਸਮਰਥਕਾਂ ਸਮੇਤ ਮੇਲੇ ਵਿਚ ਸ਼ਾਮਲ ਹੋਣਾ ਸੀ। ਪਿੰਡ ਜੱਲੂਪੁਰ ਖੇੜਾ ਵਿਚ ਸੋਮਵਾਰ ਦੇਰ ਰਾਤ ਤੋਂ ਹੀ ਪੁਲਿਸ ਦਾ ਇਕੱਠ ਸ਼ੁਰੂ ਹੋ ਗਿਆ ਸੀ। ਮੰਗਲਵਾਰ ਸਵੇਰ ਤਕ ਪੂਰਾ ਪਿੰਡ ਪੁਲਿਸ ਦੀ ਘੇਰਾਬੰਦੀ ਵਿਚ ਆ ਗਿਆ। ਪਿੰਡ ਦੇ ਲੋਕਾਂ ਨੇ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਬਾਹਰ 100 ਤੋਂ ਵੱਧ ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਤਾਇਨਾਤ ਹਨ। ਪੁਲਿਸ ਅਧਿਕਾਰੀਆਂ ਨੇ ਅਜੇ ਤਕ ਇਸ ਘਟਨਾ ਬਾਰੇ ਕੋਈ ਪ੍ਰਗਟਾਵਾ ਨਹੀਂ ਕੀਤਾ ਹੈ।