ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਅੱਜ 43 ਦਿਨ ਪੂਰੇ ਹੋ ਚੁੱਕੇ ਹਨ। ਇਸੀ ਵਿਚਕਾਰ ਦੇਰ ਰਾਤ ਡੱਲੇਵਾਲ ਦੀ ਸਿਹਤ ਅਚਾਨਕ ਬਹੁਤ ਜ਼ਿਆਦਾ ਵਿਗੜ ਗਈ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਇੱਕ ਵਾਰ ਤਾਂ ਉਹਨਾਂ ਨੂੰ ਲੱਗਿਆ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਾ ਰਹੇ ਹਨ। ਡੱਲੇਵਾਲ ਦੀ ਸਿਹਤ ਨੂੰ ਦੇਖਦਿਆਂ ਡਾ. ਸਵੈਮਾਨ ਸਿੰਘ ਨੇ ਸਰਕਾਰ ਨੂੰ ਬਿਨ੍ਹਾਂ ਦੇਰੀ ਕੀਤੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ। ਜਗਜੀਤ ਸਿੰਘ ਡੱਲੇਵਾਲ ਬੀਤੀ ਰਾਤ ਕਰੀਬ ਇੱਕ ਘੰਟੇ ਤੱਕ ਬੇਹੋਸ਼ ਰਹੇ। ਉਨ੍ਹਾਂ ਦੀ ਪਲਸ ਰੇਟ 42 ਅਤੇ ਬਲੱਡ ਪ੍ਰੈਸ਼ਰ (BP) ਦੀ ਉਪਰਲੀ ਰੇਂਜ 80 ਅਤੇ ਹੇਠਲੀ ਰੇਂਜ 56 ਤੱਕ ਆ ਗਈ। ਡਾਕਟਰਾਂ ਦੀ ਟੀਮ ਨੇ ਉਸ ਦੇ ਹੱਥਾਂ ਅਤੇ ਲੱਤਾਂ ਦੀ ਮਾਲਿਸ਼ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਆਇਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ। ਡੱਲੇਵਾਲ ਦੀ ਸਿਹਤ ਖਰਾਬ ਹੋਣ ਦਾ ਪਤਾ ਲੱਗਦਿਆਂ ਹੀ ਮੋਰਚੇ ‘ਤੇ ਮੌਜੂਦ ਸਾਰੇ ਕਿਸਾਨ ਜਾਗ ਪਏ। ਉਸ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਰਾਤ ਨੂੰ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ।