ਗੁਰਦਾਸਪੁਰ ’ਚ ਇਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਕਾਰ ‘ਤੇ ਸਵਾਰ ਹੋ ਕੇ ਡਿਊਟੀ ਜਾ ਰਹੇ ਲੈਫ. ਕਰਨਲ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਕਾਹਨੂੰਵਾਨ ਪੁਲਿਸ ਨੇ ਟਿੱਪਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਜਤਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੱਬੇਹਾਲੀ ਨੇ ਕਾਹਨੂੰਵਾਨ ਨੇ ਦੱਸਿਆ ਕਿ ਉਸ ਦਾ ਸਾਲਾ ਗੁਰਮੁੱਖ ਸਿੰਘ ਉਮਰ 45 ਸਾਲ ਪੁੱਤਰ ਲੇਟ. ਬਲਵਿੰਦਰ ਸਿੰਘ ਫ਼ੌਜ ’ਚ ਲੈਫਟੀਨੈਂਟ ਕਰਨਲ ਹੈ ਤੇ ਉਹ ਡਿਊਟੀ ‘ਤੇ ਸ਼੍ਰੀਨਗਰ ਤਾਇਨਾਤ ਸੀ। ਇਸ ਵੇਲੇ ਉਹ ਆਪਣੇ ਪਰਿਵਾਰ ਸਮੇਤ ਜਲੰਧਰ ਕੈਂਟ ਵਿਖੇ ਸਰਕਾਰੀ ਕੋਠੀ ਵਿਚ ਰਹਿ ਰਿਹਾ ਸੀ। ਉਹ ਅੱਜ ਆਪਣੀ ਡਿਊਟੀ ‘ਤੇ ਜਾਣ ਲਈ ਕਾਰ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦ ਉਹ ਅੱਡਾ ਤੁਗਲਵਾਲ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਟਿੱਪਰ ਤੇਜ਼ ਰਫ਼ਤਾਰ ਨਾਲ ਆਇਆ, ਜਿਸ ਨੂੰ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਜਾਗੋਵਾਲ ਬਾਂਗਰ ਚਲਾ ਰਿਹਾ ਸੀ। ਉਸ ਨੇ ਟਿੱਪਰ ਨੂੰ ਲਾਪਰਵਾਹੀ ਨਾਲ ਚਲਾ ਕੇ ਗੁਰਮੁੱਖ ਸਿੰਘ ਦੀ ਕਾਰ ਵਿਚ ਮਾਰ ਦਿੱਤਾ। ਇਸ ਕਾਰਨ ਗੁਰਮੁੱਖ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਕਾਹਨੂੰਵਾਨ ਪੁਲਿਸ ਨੇ ਦੱਸਿਆ ਕਿ ਜਤਿੰਦਰ ਸਿੰਘ ਦੇ ਬਿਆਨਾਂ ’ਤੇ ਟਿੱਪਰ ਚਾਲਕ ਨਿਸ਼ਾਨ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।