ਖਨੌਰੀ ਬਾਰਡਰ ‘ਤੇ 7 ਮੈਂਬਰੀ ਕਮੇਟੀ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ-‘ਅਸੀਂ ਇੱਕਜੁੱਟ ਹੋ ਕੇ ਮੋਰਚਾ ਜਿੱਤਾਂਗੇ’

ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 46 ਦਿਨ ਵਿਚ ਦਾਖਲ ਹੋ ਚੁੱਕਾ ਹੈ। ਡੱਲੇਵਾਲ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ‘ਏਕਤਾ ਮਤਾ’ ਲੈ ਕੇ ਖਨੌਰੀ ਬਾਰਡਰ ਪਹੁੰਚੇ ਹਨ। ਕਮੇਟੀ ਨੇ ਏਕਤਾ ਲਈ ਸਾਂਝੇ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਹੈ। ਰਾਜੇਵਾਲ, ਦਰਸ਼ਨਪਾਲ ਤੇ ਉਗਰਾਹਾਂ ਦੀ ਅਗਵਾਈ ਹੇਠ ਇਹ ਵਫਦ ਡੱਲੇਵਾਲ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਹੈ। ਕਿਸਾਨ ਆਗੂ ਡੱਲੇਵਾਲ ਨਾਲ ਮੁਲਾਕਾਤ ਕਰਨ ਮਗਰੋਂ SKM ਦੇ ਆਗੂਆਂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕਜੁੱਟ ਹੋ ਕੇ ਮੋਰਚਾ ਜਿੱਤਾਂਗੇ। ਜਗਜੀਤ ਡੱਲੇਵਾਲ ਨਾਲ ਹਰ ਪੰਜਾਬੀ ਜੁੜਿਆ ਹੋਇਆ ਹੈ। ਉੁਨ੍ਹਾਂ ਕਿਹਾ ਕਿ ਵਖਰੇਵੇਂ ਤੇ ਰੋਸ ਇੱਕ ਪਾਸੇ ਨੇ ਪਰ ਸਾਡੀਆਂ ਮੰਗਾਂ ਸਾਂਝੀਆਂ ਹਨ। ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ 15 ਜਨਵਰੀ ਨੂੰ ਮੋਰਚੇ ਲਈ ਅਗਲੀ ਰਣਨੀਤੀ ਬਣਾਵਾਂਗੇ। ਖਨੌਰੀ ਬਾਰਡਰ ‘ਤੇ ਸਾਰੇ ਕਿਸਾਨ ਆਗੂ ਇਕੱਠ ਹੋ ਗਏ ਹਨ। ਇਸ ਤੋਂ ਪਹਿਲਾਂ ਡੱਲੇਵਾਲ ਨੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਾਡੀਆਂ ਮੰਗਾਂ ਮੰਨੇ ਤਾਂ ਮੈਂ ਮਰਨ ਵਰਤ ਛੱਡ ਦੇਵਾਂਗਾ। ਮਰਨ ਵਰਤ ਕਰਨਾ ਸਾਡਾ ਕੋਈ ਕਾਰੋਬਾਰ ਨਹੀਂ ਹੈ ਤੇ ਨਾ ਹੀ ਸਾਡਾ ਸ਼ੌਕ ਹੈ।ਦੱਸ ਦੇਈਏ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਦੀ 7 ਮੈਂਬਰੀ ਕਮੇਟੀ 101 ਕਿਸਾਨਾਂ ਨਾਲ ਖਨੌਰੀ ਬਾਰਡਰ ‘ਤੇ ਪਹੁੰਚੀ ਹੈ। ਇਥੇ SKM ਦੇ ਨੇਤਾਵਾਂ ਨੇ ਖਨੌਰੀ ਮੋਰਚੇ ਦੇ ਨੇਤਾਵਾਂ ਨੂੰ ਏਕਤਾ ਮਤਾ ਸੌਂਪਿਆ ਜੋ ਕਿ ਮੋਗਾ ਦੀ ਮਹਾਪੰਚਾਇਤ ਵਿਚ ਪਾਸ ਕੀਤਾ ਗਿਆ ਸੀ।

Leave a Reply

Your email address will not be published. Required fields are marked *