ਮਾਨਸਾ ਦੇ ਬੁਢਲਾਡਾ ‘ਚ ਸੰਘਣੀ ਧੁੰਦ ਕਾਰਨ ਦਰਦਨਾਕ ਸੜਕ ਹਾਦਸਾ ਵਾਪਰਿਆ। ਬੈਟਰੀ ਕਾਰੋਬਾਰੀ ਨਵਨੀਤ ਮਹਿਤਾ ਉਰਫ਼ ਹੈਪੀ ਆਪਣੇ ਮਿੰਨੀ ਪਿਕਅੱਪ ਵਿਚ ਡਰਾਈਵਰ ਗੁਰਦਾਸ ਸਿੰਘ ਨਾਲ ਬੈਟਰੀਆਂ ਤੇ ਹੋਰ ਸਾਮਾਨ ਲੈ ਕੇ ਜਖੇਪਲ ਵੱਲ ਜਾ ਰਿਹਾ ਸੀ। ਬੱਛੂਆਣਾ ਰੋਡ ’ਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਸ ਦੀ ਗੱਡੀ ਦੀ ਟੱਕਰ ਹੋ ਗਈ। ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਬੁਢਲਾਡਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਹੈਪੀ ਮਹਿਤਾ ਦੀ ਮੌਤ ਹੋ ਗਈ। ਡਰਾਈਵਰ ਗੁਰਦਾਸ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮਾਨਸਾ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਘਟਨਾ ਕਾਰਨ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਹੈ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਧੁੰਦ ਕਾਰਨ ਵਾਪਰੇ ਇਸ ਹਾਦਸੇ ਵਿਚ ਟਰੱਕ ਡਰਾਈਵਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।