ਜਲੰਧਰ ਪੁਲਿਸ ਨੇ ਹਾਈਵੇ ਲੁੱਟ ਦਾ 24 ਘੰਟਿਆਂ ’ਚ ਕੀਤਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਜਲੰਧਰ ਦਿਹਾਤੀ ਦੀ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ’ਚ ਸੁਲਝਾ ਕੇ 2 ਲੱਖ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ ਅਤੇ ਵਾਰਦਾਤ ’ਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ। ਲੁੱਟ ਦੇ ਮਾਮਲੇ ਵਿਚ ਦੋ ਮੁਲਜ਼ਮ ਕਰਨਜੀਤ ਸਿੰਘ ਅਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਐਸ.ਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਅਨੁਸਾਰ ਲੁੱਟ-ਖੋਹ ਦੀ ਰਿਪੋਰਟ ਦਰਜ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਲਈ ਤੁਰਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਹ ਸਫ਼ਲ ਆਪ੍ਰੇਸ਼ਨ ਐਸਪੀ (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਅਤੇ ਡੀਐਸਪੀ ਕਰਤਾਰਪੁਰ ਸੁਰਿੰਦਰ ਪਾਲ ਦੀ ਨਿਗਰਾਨੀ ਹੇਠ ਕੀਤਾ ਗਿਆ। ਉਨ੍ਹਾਂ ਦਸਿਆ ਕਿ ਪੀੜਤਾਂ ਨੇ 30 ਜਨਵਰੀ ਨੂੰ ਲੁੱਟ ਦੀ ਵਾਰਦਾਤ ਦੀ ਸ਼ਿਕਾਇਤ ਦਿਤੀ ਸੀ, ਜਿਸ ਵਿਚ ਅਰਮਾਨ ਸੂਦ ਪੁੱਤਰ ਰਮੇਸ਼ ਸੂਦ ਨੇ ਕਿਹਾ ਕਿ ਉਹ ਭਿਖੀਵਿੰਡ ਰੋਡ ’ਤੇ ਅਪਣੇ ਭਰਾ ਰਿਸ਼ਭ ਸੂਦ ਨਾਲ ਵੈਸ਼ਨੋ ਡਾਬੇ ਕੋਲ ਖੜਾ ਸੀ। ਜੋ ਆਸਟਰੇਲੀਆ ਜਾ ਰਿਹਾ ਸੀ। ਇਸ ਦੌਰਾਨ ਉਹ ਅਪਣੇ ਭਰਾ ਤੋਂ ਪਾਸਪੋਰਟ ਅਤੇ 3 ਲੱਖ ਰੁਪਏ ਦੀ ਨਕਦੀ ਲੈ ਰਿਹਾ ਸੀ। ਉਸੇ ਦੌਰਾਨ ਉਥੇ ਇਕ ਆਲਟੋ ਕਾਰ ਵਿਚ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਨੇ ਪੀੜਤਾਂ ਨੂੰ ਧਮਕਾਇਆ ਅਤੇ ਪੈਸੇ ਤੇ ਪਾਸਪੋਰਟ ਲੈ ਕੇ ਫ਼ਰਾਰ ਹੋ ਗਏ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਘਟਨਾ ਨੂੰ ਅੰਜਾਮ ਦੇਣ ਲਈ ਪਹਿਲਾਂ ਤੋਂ ਯੋਜਨਾ ਬਣਾਈ ਹੋਈ ਸੀ। ਉਹ ਇਲਾਕੇ ’ਚ ਭਾਰੀ ਮਾਤਰਾ ’ਚ ਨਕਦੀ ਲੈ ਕੇ ਜਾਣ ਵਾਲੇ ਲੋਕਾਂ ਦੀ ਹਰਕਤ ’ਤੇ ਨਜ਼ਰ ਰੱਖ ਰਹੇ ਸਨ। ਜੁਰਮ ਵਿਚ ਵਰਤੀ ਗਈ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁਛ ਗਿਛ ਲਈ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਜਾਂਚ ਟੀਮ ਦਾ ਮੰਨਣਾ ਹੈ ਕਿ ਜਾਂਚ ਦੌਰਾਨ ਬਾਕੀ ਰਕਮ ਦੀ ਰਿਕਵਰੀ ਹੋ ਸਕਦੀ ਹੈ ਅਤੇ ਸੰਭਵ ਤੌਰ ’ਤੇ ਇਸੇ ਤਰ੍ਹਾਂ ਦੇ ਹੋਰ ਅਪਰਾਧਾਂ ਵਿਚ ਮੁਲਜ਼ਮਾਂ ਦੀ ਸ਼ਮੂਲੀਅਤ ਦਾ ਪ੍ਰਗਟਾਵਾ ਹੋ ਸਕਦਾ ਹੈ।

Leave a Reply

Your email address will not be published. Required fields are marked *