ਫਗਵਾੜਾ, 24 ਜੂਨ :- ਵਿਗਿਆਨਕ ਤਰੀਕੇ ਨਾਲ ਜਾਂਚ ਕਰਨ ਤੋਂ ਬਾਅਦ ਛੋਟੇ ਜਿਹੇ ਮਿਲੇ ਸੁਰਾਗਾਂ ਰਾਹੀ ਫਗਵਾੜਾ ਪੁਲਿਸ ਨੇ 3 ਦਿਨਾਂ ਵਿੱਚ ਬਘਾਣਾ ਵਿਖੇ ਹੋਏ ਕਤਲ ਦੀ ਗੁੰਥੀ ਨੂੰ ਸੁਲਝਾ ਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਿਲ ਕੀਤੀ ਹੈ। ਐੱਸ.ਐੱਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਫਗਵਾੜਾ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ 20 ਜੂਨ ਨੂੰ ਫਗਵਾੜਾ ਦੇ ਨਜਦੀਕੀ ਪਿੰਡ ਬਘਾਣਾ ਵਿਖੇ ਇੱਟਾਂ ਦੇ ਭੱਠੇ ਤੇ ਤਾਇਨਾਤ ਸੁਰੱਖਿਆ ਗਾਰਡ ਦੇਸ ਰਾਜ ਦਾ ਕਤਲ ਕੱੁਝ ਅਨਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਭੱਠੇ ਤੋਂ ਟਰੈਕਟਰ ਸਮੇਤ ਹੋਰ ਸਮਾਨ ਦੀ ਲੱੁਟ ਕੀਤੀ ਗਈ ਸੀ। ਉਨਾ ਕਿਹਾ ਕਿ ਇਸ ਕਤਲ ਨੂੰ ਹੱਲ ਕਰਨ ਲਈ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਅਤੇ ਡੀ.ਐੱਸ.ਪੀ ਫਗਵਾੜਾ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਐੱਸ.ਐੱਚ.ਓ ਰਾਵਲਪਿੰਡੀ, ਸੀ.ਆਈ.ਏ ਸਟਾਫ ਫਗਵਾੜਾ ਅਤੇ ਇੰਚਾਰਜ ਪੁਲਿਸ ਚੌਂਕੀ ਪਾਂਸਟਾ ਸਮੇਤ ਹੋਰ ਪੁਲਿਸ ਮੁਲਾਜਮਾਂ ਦੀਆਂ ਟੀਮਾਂ ਬਣਾਈਆ ਗਈਆ ਸਨ। ਐੱਸ.ਐੱਸ.ਪੀ ਸ. ਖੱਖ ਨੇ ਦੱਸਿਆ ਕਿ ਪੁਲਿਸ ਨੇ ਵਿਿਗਆਨਿਕ ਤਰੀਕੇ ਨਾਲ ਕੀਤੀ ਜਾਂਚ ਦੋਰਾਨ ਮਿਲੇ ਕੁੱਝ ਛੋਟੇ ਸੁਰਾਗਾਂ ਦੇ ਅਧਾਰ ਤੇ ਪੁਲਿਸ ਦੋਸ਼ੀਆਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ। ਪੁਲਿਸ ਨੇ ਉਕਤ ਦੋਵੇਂ ਦੋਸ਼ੀਆਂ ਨੂੰ ਪਿੰਡ ਦੱੁਗਾਂ ਦੀ ਬੇਈਂ ਪੁਲੀ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਭੱਜਣ ਦੀ ਫਿਰਾਕ ਵਿੱਚ ਸਨ। ਪੁਲਿਸ ਮੁਤਾਬਿਕ ਦੋਸ਼ੀਆਂ ਦੀ ਪਹਿਚਾਣ ਮੂਸਾ ਪੱੁਤਰ ਮੁਹੰਮਦ ਖਾਨ ਬੇਲਾ ਚੰਬਾ ਹਿਮਾਚਲ ਪ੍ਰਦੇਸ਼ ਅਤੇ ਸੁਖਵਿੰਦਰ ਸਿੰਘ ਉਰਫ ਲੱਕੀ ਪੱੁਤਰ ਗੁਰਚਰਨ ਸਿੰਘ ਵਾਸੀ ਪਿੰਡ ਗੁਜਰਾਤਾਂ ਫਗਵਾੜਾ ਵੱਜੋਂ ਹੋਈ ਹੈ। ਐੱਸ.ਐੱਸ.ਪੀ ਸ. ਖੱਖ ਨੇ ਕਿਹਾ ਕਿ ਫੜੇ ਗਏ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਇਸ ਲੱੁਟ ਦੀ ਸ਼ਾਜਿਸ਼ ਬਲਜੀਤ ਸਿੰਘ ਪੱੁਤਰ ਜਸਵੰਤ ਸਿੰਘ ਵਾਸੀ ਰਾਮਪੁਰ ਸੁੰਨੜਾ ਨੇ ਰਚੀ ਸੀ ਤੇ ਇਨਾਂ ਸਾਰੇ ਦੋਸ਼ੀਆਂ ਨੇ ਰਾਤ ਸਮੇਂ ਲੋਕਾਂ ਦੇ ਘਰਾਂ ਅਤੇ ਹੋਰ ਅਦਾਰਿਆ ਵਿੱਚ ਲੱੁਟ ਖੋਹ ਕਰਨ ਲਈ ਇੱਕ ਗਿਰੋਹ ਬਣਾਇਆ ਸੀ। ਇਸ ਗਿਰੋਹ ਦਾ ਮੁਖੀ ਬਲਜੀਤ ਸਿੰਘ ਗ੍ਰਿਫਤਾਰੀ ਤੋਂ ਬਚਣ ਲਈ ਭੱਜ ਗਿਆ ਹੈ ਤੇ ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਦ ਕਿ ਇਸ ਵਾਰਦਾਤ ਦੋਰਾਨ ਵਰਤੀ ਗਈ ਅਲਟੋ ਕਾਰ ਵੀ ਜਲਦ ਹੀ ਬਰਾਮਦ ਕਰ ਲਈ ਜਾਵੇਗੀ। ਪੁਲਿਸ ਨੇ ਦੇਸ ਰਾਜ ਨੂੰ ਮਾਰਨ ਵਾਲੇ ਹਥਿਆਰ, ਚੋਰੀ ਕੀਤਾ ਨਵਾਂ ਟਰੈਕਟਰ, ਬੈਂਕ ਦਾ ਕਾਰਡ ਅਤੇ ਅਧਾਰ ਕਾਰਡ ਵੀ ਬਰਾਮਦ ਕਰ ਲਿਆ।