ਜਲੰਧਰ ’ਚ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ। ਅੱਜ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਦਾ 6 ਦਿਨ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਹੈ। ਇਸ ਮੌਕੇ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਜ਼ੀਸ਼ਾਨ ਅਖਤਰ ਮਨੋਰੰਜਨ ਕਾਲੀਆ ਦੇ ਘਰ ‘ਤੇ ਹਮਲੇ ਦਾ ਮਾਸਟਰਮਾਈਂਡ ਹੈ। ਜ਼ੀਸ਼ਾਨ ਅਖਤਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ ਅਤੇ ਉਸਨੇ ਹੀ ਮੁੰਬਈ ’ਚ ਕਾਂਗਰਸੀ ਨੇਤਾ ਬਾਬਾ ਸਿੱਦੀਕੀ ਦਾ ਕਤਲ ਕਰਵਾਇਆ ਸੀ। ਉਹ ਇਸ ਮਾਮਲੇ ’ਚ ਵੀ ਲੋੜੀਂਦਾ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ। ਇਹ ਹਮਲਾ ਪੰਜਾਬ ’ਚ ਧਾਰਮਿਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਵਿੱਚ ਕੀਤੀ। ਸੂਤਰਾਂ ਅਨੁਸਾਰ, ਕੇਂਦਰੀ ਸੁਰੱਖਿਆ ਏਜੰਸੀਆਂ ਨੇ 48 ਦਿਨ ਪਹਿਲਾਂ ਪੰਜਾਬ ’ਚ ਕਾਊਂਟਰ ਇੰਟੈਲੀਜੈਂਸ ਨੂੰ ਇਹ ਇਨਪੁੱਟ ਦਿੱਤਾ ਸੀ ਕਿ ਪੰਜਾਬ ’ਚ ਇੱਕ ਹਿੰਦੂ ਨੇਤਾ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਿਸ ਤੋਂ ਬਾਅਦ ਸਟੇਟ ਇੰਟੈਲੀਜੈਂਸ ਚੌਕਸ ਹੋ ਗਈ। ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਇਹ ਹਮਲਾ ਮਨੋਰੰਜਨ ਕਾਲੀਆ ‘ਤੇ ਹੋਵੇਗਾ। ਕਿਉਂਕਿ ਆਪਣੇ ਰਾਜਨੀਤਿਕ ਕਰੀਅਰ ’ਚ ਉਹ ਕਿਸੇ ਵੀ ਵਿਵਾਦ ’ਚ ਸ਼ਾਮਲ ਨਹੀਂ ਸਨ ਅਤੇ ਉਨ੍ਹਾਂ ਦਾ ਅਕਸ ਬਿਲਕੁਲ ਸਾਫ਼ ਸੀ। ਮਨੋਰੰਜਨ ਕਾਲੀਆ ‘ਤੇ ਹਮਲੇ ਤੋਂ ਬਾਅਦ ਕੇਂਦਰ ਨੇ ਪੰਜਾਬ ’ਚ ਭਾਜਪਾ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਕੇਂਦਰ ਨੇ ਕਾਲੀਆ ਸਮੇਤ 11 ਭਾਜਪਾ ਆਗੂਆਂ ਨੂੰ Y-ਪਲੱਸ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, ਪੰਜਾਬ ਦੇ 13 ਭਾਜਪਾ ਆਗੂਆਂ ਨੂੰ ਕੇਂਦਰ ਤੋਂ ਸੁਰੱਖਿਆ ਮਿਲੀ ਸੀ। ਸੀਸੀਟੀਵੀ ਫ਼ੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਪਹਿਲਾਂ ਮਨੋਰੰਜਨ ਕਾਲੀਆ ਦੇ ਘਰ ਦੀ ਰੇਕੀ ਕਰਦੇ ਹਨ। ਫਿਰ, ਲਗਭਗ 2:03 ਵਜੇ, ਉਨ੍ਹਾਂ ਨੇ ਇੱਕ ਗ੍ਰਨੇਡ ਸੁੱਟਿਆ ਅਤੇ ਭੱਜ ਗਏ। ਇਸ ਦੌਰਾਨ, ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਅਤੇ ਚੰਗਿਆੜੀਆਂ ਵੀ ਨਿਕਲਦੀਆਂ ਹਨ। ਇਸ ਧਮਾਕੇ ਨਾਲ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਬਹੁਤ ਤਬਾਹੀ ਹੋਈ ਹੈ। ਹਾਲਾਂਕਿ, ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ।