‘ਆਪ’ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਅੱਜ ਸਮੁੱਚੇ ਅਧਿਆਪਕ ਜਗਤ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਤਿਕਾਰਯੋਗ ਹਨ ਤੇ ਸਾਡੇ ਗੁਰੂ ਵੀ ਹਨ, ਜੋ ਸਾਨੂੰ ਸੇਧ ਦਿੰਦੇ ਹਨ । ਦੱਸ ਦੇਈਏ ਕਿ ਪਿਛਲੇ ਦਿਨੀਂ ਰਾਜ ਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿੱਚ ਇਕਮਾਤਰ ਚਾਰਦੀਵਾਰੀ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਖ਼ਿਲਾਫ਼ ‘ਅਪਸ਼ਬਦ’ ਵਰਤੇ ਸਨ। ਜੌੜਾਮਾਜਰਾ ਸਕੂਲ ਵਿਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ। ਉਨ੍ਹਾਂ ਨੇ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਸਬੰਧੀ ਡੀਟੀਐੱਫ ਨੇ ਪਿਛਲੇ ਦਿਨੀਂ ਮੰਗ ਕੀਤੀ ਸੀ ਕਿ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ।