ਕਪੂਰਥਲਾ ਦੀ ਸਿਵਲ ਸਰਜਨ ਡਾ. ਰੀਚਾ ਭਾਟੀਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਵੱਲੋਂ ਸਟਾਫ਼ ਪ੍ਰਤੀ ਅਪਣਾਏ ਜਾ ਰਹੇ ਮਾੜੇ ਅਤੇ ਅੜੀਅਲ ਵਤੀਰੇ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਹੈ। ਕਪੂਰਥਲਾ ਦੀ ਸਿਵਲ ਸਰਜਨ ਰਿਚਾ ਭਾਟੀਆ ਅਤੇ ਕਲੈਰੀਕਲ ਸਟਾਫ਼ ’ਚ ਲੰਮੇ ਸਮੇਂ ਤੋਂ ਖਿੱਚਤਾਨੀ ਚੱਲ ਰਹੀ ਸੀ ਸਟਾਫ਼ ਦੇ ਮੈਂਬਰਾਂ ਦਾ ਆਰੋਪ ਹੈ ਕੀ ਸਿਵਲ ਸਰਜਨ ਵੱਲੋਂ ਉਨ੍ਹਾਂ ਨਾਲ ਤਾਨਾਸ਼ਾਹੀ ਰਵੱਈਆ ਅਪਣਾਇਆ ਜਾਂਦਾ ਸੀ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਸੀ। ਕਲੈਰੀਕਲ ਡਿਪਾਰਟਮੈਂਟ ਵੱਲੋਂ ਇਹ ਤੱਕ ਆਰੋਪ ਲਗਾਏ ਗਏ ਕਿ ਉਹਨਾਂ ਵੱਲੋਂ ਆਪਣੀ ਸਰਵਿਸ ਬੁੱਕ ਤੱਕ ਵੀ ਆਪਣੇ ਕੋਲ ਰੱਖੀ ਗਈ ਅਤੇ ਪਿਛਲੇ ਅੱਠ ਮਹੀਨਿਆਂ ਤੋਂ ਉਨਾਂ ਦੀ ਸਰਵਿਸ ਵੋਕ ਐਚ ਆਰ ਐਮਐਸ ਤੇ ਵੀ ਅਪਲੋਡ ਨਹੀਂ ਹੋਈ, ਜਿਸ ਕਰ ਕੇ 8 ਮਹੀਨੇ ਦੇ ਸਮੇਂ ਦੇ ਦੌਰਾਨ ਕੋਈ ਵੀ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਉਸ ਦੀ ਪੇਮੈਂਟ ਤੱਕ ਨਹੀਂ ਹੋ ਰਹੀ। ਜਿਸ ਕਰ ਕੇ ਮੁਲਾਜ਼ਮਾਂ ਵੱਲੋਂ ਡਿਪਾਰਟਮੈਂਟ ਨੂੰ ਲੀਗਲ ਨੋਟਿਸ ਤੱਕ ਕੱਢੇ ਜਾ ਰਹੇ ਹਨ, ਪਰ ਵਾਰ-ਵਾਰ ਸਿਵਲ ਸਰਜਨ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਕਲੈਰੀਕਲ ਡਿਪਾਰਟਮੈਂਟ ਵੱਲੋਂ ਮੰਗ ਪੱਤਰ ਵੀ ਦਿੱਤੇ ਗਏ, ਪਰ ਅੜੀਅਲ ਰਵੱਈਏ ਕਰ ਕੇ ਮਾਮਲਾ ਜਿਉਂ ਦਾ ਤਿਉਂ ਹੀ ਰਿਹਾ ਮੁਲਾਜ਼ਮਾਂ ਵੱਲੋਂ ਜਦ ਇਸ ਦਾ ਵਿਰੋਧ ਕੀਤਾ ਗਿਆ ਤਾਂ ਇਸ ਦੀ ਭਨਕ ਉੱਚ ਅਧਿਕਾਰੀਆਂ ਦੇ ਕੰਨਾਂ ਵਿੱਚ ਪਈ ਤਾਂ ਤੁਰੰਤ ਐਕਸ਼ਨ ਕਰਦੇ ਹੋਇਆਂ ਸਿਵਲ ਸਰਜਨ ਕਪੂਰਥਲਾ ਨੂੰ ਮੁਅੱਤਲ ਕਰ ਦਿੱਤਾ ਗਿਆ। ਡਾ.ਰੀਚਾ ਭਾਟੀਆ ਦਾ ਹੈੱਡ ਕੁਆਰਟਰ ਦਫ਼ਤਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵਿਖੇ ਕੀਤਾ ਗਿਆ ਹੈ। ਇਸ ਸਬੰਧੀ ਨਿਯਮਾਂ/ਹਦਾਇਤਾਂ ਅਨੁਸਾਰ ਮੁਅੱਤਲੀ ਸਮੇਂ ਦੌਰਾਨ ਬਣਦਾ ਗੁਜਾਰਾ ਭੱਤਾ ਮਿਲਣਯੋਗ ਹੋਵੇਗਾ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਡਾ. ਰੀਚਾ ਭਾਟੀਆ ਨੇ ਅਗਸਤ 2024 ’ਚ ਕਪੂਰਥਲਾ ਸਿਵਲ ਹਸਪਤਾਲ ’ਚ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ ਸੀ ਪਰ ਉਨ੍ਹਾਂ ਦੇ ਅੜੀਅਲ ਵਤੀਰੇ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਦੀ ਕਮੀ ਕਾਰਨ, ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ, ਰਾਹੁਲ ਕੁਮਾਰ, ਆਈ.ਏ.ਐਸ. ਵੱਲੋ ਪੱਤਰ ਜਾਰੀ ਕਰਕੇ ਡਾ. ਰੀਚਾ ਭਾਟੀਆ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।