ਸੇਫ ਸਿਟੀ ਪ੍ਰੋਜੈਕਟ ਦੇ ਚੰਗੇ ਨਤੀਜੇ ਸਾਹਮਣੇ ਆਉਣੇ ਹੋਏ ਸ਼ੁਰੂ, ਫਗਵਾੜਾ ਪੁਲਿਸ ਨੇ ਇਕ ਡਾਕਟਰ ਪਾਸੋਂ ਚੋਰੀ ਕੀਤੇ ਪਰਸ ਦੇ ਕੇਸ ਨੂੰ 48 ਘੰਟੇ ਦੇ ਅੰਦਰ ਹੱਲ ਕਰ ਲਿਆ ਹੈ

ਫਗਵਾੜਾ, 3 ਜੁਲਾਈ
ਫਗਵਾੜਾ ਵਿਚ ਸੇਫ ਸਿਟੀ ਪ੍ਰੋਜੈਕਟ ਦੇ ਉਦਘਾਟਨ ਤੋਂ ਦੋ ਦਿਨਾਂ ਬਾਅਦ ਹੀ ਪੁਲਿਸ ਨੇ ਸਥਾਨਕ ਮਸਤ ਨਗਰ ਵਿਚ ਇਕ ਡਾਕਟਰ ਕੋਲੋਂ ਪਰਸ ਖੋਹਣ ਦੇ ਕੇਸ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਹੈ ਅਤੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਸ਼ ਕੁਮਾਰ (28) ਅਤੇ ਸੰਦੀਪ ਕੁਮਾਰ (22) ਖਲਵਾੜਾ ਗੇਟ ਫਗਵਾੜਾ ਵਜੋਂ ਹੋਈ ਹੈ। ਹਰਸ਼ ਕੁਮਾਰ ਦਿੱਲੀ ਯੂਨੀਵਰਸਿਟੀ (ਡੀਯੂ) ਵਿਖੇ ਬੀ.ਕਾਮ ਪਹਿਲੇ ਸਾਲ ਦਾ ਵਿਦਿਆਰਥੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੇ ਜੀਬੀ ਹਸਪਤਾਲ ਦੇ ਡਾ: ਰੇਨੂੰ ਬਾਲਾ ਕੋਲੋਂ ਐਕਟਿਵਾ ਸਕੂਟਰ PB-36-F-5341 ਤੋਂ ਪਰਸ ਚੋਰੀ ਕਰ ਲਿਆ ਸੀ ਜਦੋਂ ਓਹ ਆਪਣੇ ਘਰ ਦੇ ਬਾਹਰ ਐਕਟਿਵਾ ਸਕੂਟਰ ਖੜਾ ਕਰ ਗੇਟ ਖੋਲਣ ਲੱਗੇ ਸਨ ਐਸਐਸਪੀ ਖੱਖ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸੇਫ ਸਿਟੀ ਪ੍ਰੋਜੈਕਟ ਅਧੀਨ ਨਵਾਂ ਸ਼ੁਰੂ ਕੀਤੇ ਗਏ ਪੀਸੀਆਰ ਗਸ਼ਤ ਮੋਟਰਸਾਈਕਲ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਆਸ ਪਾਸ‘ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਐਸਐਸਪੀ ਖੱਖ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਤਕਨੀਕੀ ਯੰਤਰਾਂ ਦੀ ਵਰਤੋਂ ਕਰਦਿਆਂ ਸੀਸੀਟੀਵੀ ਫੁਟੇਜ ਵਿਚੋਂ ਸਨੈਚਰਾਂ ਦੀ ਪਛਾਣ ਕੀਤੀ ਅਤੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਓਹਨਾਂ ਤੋਂ ਚੋਰੀ ਕੀਤਾ ਪਰਸ ਅਤੇ ਚੋਰੀ ਕਰਨ ਲਈ ਵਰਤਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਟੀਮਾਂ ਗਿਰਫਤਾਰ ਕੀਤੇ ਮੁਲਜ਼ਮਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਹੋਰ ਚੋਰੀਆਂ ਬਾਰੇ ਜਾਂਚ ਲਈ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਦੋਵੇਂ ਜ਼ਿਲ੍ਹੇ ਦੇ ਥਾਣਿਆਂ ਵਿੱਚ ਪਹਿਲਾਂ ਵੀ ਵੱਖ ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਐਸਐਸਪੀ ਨੇ ਦੱਸਿਆ ਕਿ ਸੇਫ ਸਿਟੀ ਪ੍ਰੋਜੈਕਟ ਚੰਗੇ ਨਤੀਜੇ ਦੇ ਰਿਹਾ ਹੈ ਅਤੇ ਇਸ ਅਧੀਨ ਅਪਰਾਧੀਆਂ ਤੇ ਦਬਿਸ਼ ਦੇ ਕੇ ਪ੍ਰਭਾਵਸ਼ਾਲੀ ਪੁਲਿਸਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ.

Leave a Reply

Your email address will not be published. Required fields are marked *