ਫਗਵਾੜਾ, 8 ਜੁਲਾਈ (ਰਮਨਦੀਪ) ਬਿਜਲੀ ਦੀ ਕਿੱਲਤ ਨੂੰ ਦੇਖਦੇ ਹੋਏ ਉਦਯੋਗਿਕ ਖੇਤਰਾਂ ਨੂੰ ਤਿੰਨ ਦਿਨ ਬਿਜਲੀ ਬੰਦ ਕਰਨ ਦੇ ਫਰਮਾਨ ਦਿੱਤੇ ਗਏ ਹਨ ਜਿਸ ਦਾ ਉਦਯੋਗਪਤੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਫਗਵਾੜਾ ਦੇ ਉਦਯੋਗਪਤੀਆਂ ਨੇ ਬੀਤੇ ਦਿਨ ਇੱਕ ਮੰਗ ਪੱਤਰ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੰਦਿਆ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਬਿਜਲੀ ਦੀ ਕਮੀ ਦੇ ਚੱਲਦਿਆ ਸਾਰਿਆਂ ‘ਤੇ ਵੰਡ ਕੇ ਲੋਡ ਪਾਵੇ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਸਮੱਸਿਆ ਦਾ ਹੱਲ ਨਾ ਹੋਣ ‘ਤੇ ਉਦਯੋਗਪਤੀਆਂ ਨੇ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਖਲਵਾੜਾ ਰੋਡ ਫਗਵਾੜਾ ਸਥਿਤ ਰਿਹਾਇਸ਼ ਅੱਗੇ ਧਰਨਾ ਦਿੱਤਾ। ਓਧਰ ਆਂਗਨਵਾੜੀ ਵਰਕਰਾਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਧਾਲੀਵਾਲ ਦੀ ਰਿਹਾਇਸ਼ ਅੱਗੇ ਧਰਨਾ ਲਗਾਇਆ।