ਵਿਧਾਇਕ ਧਾਲੀਵਾਲ ਨੇ ਰੱਦ ਕਰਵਾਏ ਅੰਗਹੀਣਤਾ ਪ੍ਰਮਾਣ ਪੱਤਰ ਬਨਾਉਣ ਦੇ ਕੈਂਪ – ਅਰੁਣ ਖੋਸਲਾ

ਫਗਵਾੜਾ, 19 ਜੁਲਾਈ – ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਇਸ ਹਫਤੇ ਸਬ-ਡਵੀਜਨ ‘ਚ ਲਗਾਏ ਜਾਣ ਵਾਲੇ ਦੋ ਅੰਗਹੀਣਤਾ ਪ੍ਰਮਾਣ ਪੱਤਰ ਬਨਾਉਣ ਦੇ ਕੈਂਪ ਰੱਦ ਹੋਣ ਦੇ ਪਿੱਛੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਹੱਥ ਹੋਣ ਦੀ ਗੱਲ ਕਹੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਮੇਅਰ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਅਣਥਕ ਯਤਨਾਂ ਸਦਕਾ ਫਗਵਾੜਾ ਮੰਡਲ ਦੇ ਅਧੀਨ ਸੀ.ਐਚ.ਸੀ. ਪਾਂਛਟ ਅਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਦੋ ਕੈਂਪ ਲਗਾਏ ਜਾਣੇ ਸਨ। ਪਹਿਲਾ ਕੈਂਪ ਅੱਜ ਸੋਮਵਾਰ 19 ਜੁਲਾਈ ਜਦਕਿ ਦੂਸਰਾ ਕੈਂਪ ਸ਼ੁੱਕਰਵਾਰ 23 ਜੁਲਾਈ ਨੂੰ ਲਗਾਇਆ ਜਾਣਾ ਸੀ। ਕਿਉਂਕਿ ਇਹ ਕੈਂਪ ਕੇਂਦਰੀ ਯੋਜਨਾਵਾਂ ਦੇ ਲਾਭ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਲਗਵਾਏ ਜਾ ਰਹੇ ਸੀ ਇਸ ਲਈ ਵਿਧਾਇਕ ਧਾਲੀਵਾਲ ਨੂੰ ਕੋਈ ਸਿਆਸੀ ਲਾਭ ਨਜ਼ਰ ਨਹੀਂ ਆਇਆ ਜਿਸ ਕਰਕੇ ਉਹਨਾਂ ਅੰਗਹੀਣਾਂ ਦੀ ਸਹੂਲਤ ਲਈ ਲਗਾਏ ਜਾ ਰਹੇ ਕੈਂਪ ਹੀ ਰੱਦ ਕਰਵਾ ਦਿੱਤੇ। ਅੰਗਹੀਣਾਂ ਨੂੰ ਸਿਆਸਤ ਦਾ ਮੋਹਰਾ ਬਨਾਉਣ ਨੂੰ ਘਟੀਆ ਹਰਕਤ ਦੱਸਦੇ ਹੋਏ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਚੰਗੇ ਪ੍ਰਬੰਧਾਂ ਦੀ ਘਾਟ ਤੇ ਲੰਬੀਆਂ ਲਾਈਨਾਂ ਵਿਚ ਅੰਗਹੀਣਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਜਿਸ ਤੋਂ ਇਹ ਕੈਂਪ ਰਾਹਤ ਦੇ ਸਕਦੇ ਸੀ। ਉਹਨਾਂ ਸਿਵਲ ਹਸਪਤਾਲ ਦੇ ਐਸ.ਐਮ.ਓ. ਉਪਰ ਵੀ ਡਿਉਟੀ ਨਿਭਾਉਣ ਦੀ ਬਜਾਏ ਵਿਧਾਇਕ ਧਾਲੀਵਾਲ ਦਾ ਹੁਕਮ ਨਿਭਾਉਣ ਦਾ ਦੋਸ਼ ਲਾਇਆ ਤੇ ਨਾਲ ਹੀ ਕਿਹਾ ਕਿ ਫਗਵਾੜਾ ਦੇ ਹਰ ਸਰਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਜਨਤਾ ਦੀ ਸੇਵਾ ਨਾ ਕਰਕੇ ਵਿਧਾਇਕ ਨੂੰ ਖੁਸ਼ ਕਰਨ ਵਿਚ ਲੱਗੇ ਰਹਿੰਦੇ ਹਨ। ਸਰਕਾਰੀ ਵਿਭਾਗਾਂ ‘ਚ ਲੋਕਾਂ ਦੇ ਕੰਮ ਨਹੀਂ ਹੋ ਰਹੇ। ਵਿਕਾਸ ਦੇ ਕੰਮ ਠੱਪ ਪਏ ਹਨ। ਕੇਂਦਰ ਵਲੋਂ ਭੇਜਿਆ ਅਨਾਜ ਜਨਤਾ ਨੂੰ ਵੰਡਿਆ ਨਹੀਂ ਜਾ ਰਿਹਾ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੇਕਰ ਆਮ ਜਨਤਾ ਨੂੰ ਕਿਸੇ ਸਰਕਾਰੀ ਯੋਜਨਾ ਦਾ ਲਾਭ ਦੁਆਉਣ ਦਾ ਉਪਰਾਲਾ ਕਰਦੇ ਹਨ ਤਾਂ ਵਿਧਾਇਕ ਵਲੋਂ ਰੁਕਾਵਟ ਪਾਈ ਜਾਂਦੀ ਹੈ। ਉਹਨਾਂ ਕਿਹਾ ਕਿ ਜਨਤਾ ਸਭ ਦੇਖ ਰਹੀ ਹੈ। ਵਿਧਾਇਖ ਧਾਲੀਵਾਲ ਨੂੰ ਕਰਨੀ ਦਾ ਫਲ ਜਰੂਰ ਭੋਗਣਾ ਪਵੇਗਾ। ਵਿਧਾਨਸਭਾ ਚੋਣਾਂ ਨਜਦੀਕ ਹਨ ਤੇ ਅੰਗਹੀਣਾਂ ਦੀ ਬੱਦਦੁਆ ਵਿਧਾਇਕ ਧਾਲੀਵਾਲ ਨੂੰ ਲੱਗ ਕੇ ਰਹੇਗੀ। ਧਾਲੀਵਾਲ ਦੁਬਾਰਾ ਕਦੇ ਵੀ ਫਗਵਾੜਾ ਤੋਂ ਵਿਧਾਇਕ ਨਹੀਂ ਬਣਨਗੇ।

Leave a Reply

Your email address will not be published. Required fields are marked *