ਸ੍ਰੀ ਮੁਕਤਸਰ ਸਾਹਿਬ ’ਚ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਕਥਿਤ ਤੌਰ ’ਤੇ ਕੁਇੰਟਲਾਂ ਦੇ ਹਿਸਾਬ ਨਾਲ ਮਿਲਾਵਟੀ ਮਠਿਆਈ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਫੂਡ ਸੇਫਟੀ ਅਫਸਰ ਗਗਨਦੀਪ ਕੌਰ ਨੇ ਦੱਸਿਆ ਕਿ ਗੋਨੇਵਾਲਾ ਰੋਡ ’ਤੇ ਇੱਕ ਘਰ ਵਿੱਚ ਵੱਡੇ ਪੱਧਰ ਤੇ ਮਠਿਆਈ ਬਣ ਰਹੀ ਸੀ । ਗੁਪਤ ਸੂਚਨਾ ਦੇ ਅਧਾਰ ’ਤੇ ਅਸੀਂ ਇਥੇ ਪਹੁੰਚੇ ਅਤੇ ਮਠਿਆਈ ਦੇ ਸੈਂਪਲ ਲੈ ਲਏ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬੋਰਟਰੀ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਦਿਵਾਲੀ ਦਾ ਤਿਹਾਰ ਆ ਰਿਹਾ ਅਤੇ ਵੱਡੇ ਪੱਧਰ ’ਤੇ ਮਿਲਾਵਟੀ ਮਿਠਾਈ ਬਣਾ ਕੇ ਕੁਝ ਅਨਸਰਾਂ ਵੱਲੋਂ ਜਮ੍ਹਾਂਖੋਰੀ ਕੀਤੀ ਜਾਂਦੀ ਹੈ । ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸੈਂਪਲ ਭਰ ਕੇ ਇਨ੍ਹਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮੁਕਤਸਰ ਦੇ ਗੋਨੇਆਣਾ ਰੋਡ ’ਤੇ ਸੈਂਪਲ ਭਰੇ ਗਏ ਹਨ। ਇਸ ਕਾਰਵਾਈ ਨਾਲ ਮਠਿਆਈਆਂ ਦੀ ਗੁਣਵੱਤਾ ਅਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਦੀ ਮੰਗ ਵਧਣ ਕਾਰਨ ਅਜਿਹੀਆਂ ਕਾਰਵਾਈਆਂ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਅਹਿਮ ਹਨ।