ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਵਿਰੋਧੀ ਧਿਰ ਕੀਤਾ ਭਾਰੀ ਹੰਗਾਮਾ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ । ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਕਾਂਗਰਸ ਵਿਧਾਇਕਾਂ ਨੇ ਮੰਗ ਕੀਤੀ ਕਿ ਪਹਿਲਾਂ ਸੂਬੇ ਦੇ ਮੁੱਦਿਆਂ ‘ਤੇ ਚਰਚਾ ਕਰਵਾਈ ਜਾਵੇ । ਇਸ ‘ਤੇ ਸਪੀਕਰ ਨੇ ਕਿਹਾ ਕਿ ਇਹਨਾਂ ਮੁੱਦਿਆਂ ‘ਤੇ ਗੱਲ ਕਰ ਲਈ ਜਾਵੇਗੀ, ਪਰ ਉਹਨਾਂ ਨੇ ਪ੍ਰਸ਼ਨ ਕਾਲ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸ ਵਿਧਾਇਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਸ਼ੇ ਦੇ ਮੁੱਦੇ ‘ਤੇ ਕਾਂਗਰਸ ਨੂੰ ਘੇਰਿਆ। ਉਹਨਾਂ ਨੇ ਕਾਂਗਰਸੀ ਆਗੂ ਪਰਗਟ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਇਲਜ਼ਾਮ ਲਾਇਆ ਕਿ ਉਹ ਪੰਜਾਬ ਵਿੱਚ ਚਿੱਟਾ ਫੈਲਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਰਹੇ ਹਨ । ਚੀਮਾ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਇੱਕ ਸਾਥੀ ਦਾ ਨਾਮ ਨਸ਼ੇ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਹੈ। ਉੱਥੇ ਹੀ ਕਾਂਗਰਸ ਦੇ ਸਾਰੇ ਵਿਧਾਇਕ ਅੱਜ ਗਲ਼ ਵਿੱਚ ਕਾਲੇ ਕੱਪੜੇ ਪਾ ਕੇ ਸਦਨ ਪਹੁੰਚੇ ਹਨ। ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਲਾਹਨਤ ਪੱਤਰ ਦੇਣਗੇ । ਉਹਨਾਂ ਨੇ ਸਰਕਾਰ ਖਿਲਾਫ ਵਿਰੋਧ ਜਤਾਉਣ ਅਤੇ ਸਦਨ ਵਿੱਚ ਆਪਣੀਆਂ ਮੰਗਾਂ ਚੁੱਕਣ ਦੀ ਗੱਲ ਕਹੀ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਲੋਕ ਸਾਡੇ ਨਾਲ ਸਵਾਲ-ਜਵਾਬ ਕਰਨ । ਚੀਮਾ ਨੇ ਪਰਗਟ ਸਿੰਘ ਨੂੰ ਕਿਹਾ ਕਿ ਤੁਸੀਂ ਪੰਜਾਬ ਵਿੱਚ ਚਿੱਟਾ ਫੈਲਾਉਣ ਵਾਲੀ ਪਾਰਟੀ ਦੇ ਮੈਂਬਰ ਰਹੇ ਹੋ । ਮਿਸਟਰ ਪਰਗਟ ਸਿੰਘ, ਯੂ ਆਰ ਦ ਮੈਂਬਰ ਆਫ਼ ਚਿੱਟਾ ਪਾਰਟੀ । ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਤਲਵੰਡੀ ਸਾਹਿਬ ਤੋਂ ਝੂਠੀ ਸਹੁੰ ਤੁਸੀਂ ਲੋਕਾਂ ਨੇ ਚੁੱਕੀ ਸੀ ਕਿ ਨਸ਼ਾ ਖ਼ਤਮ ਕਰ ਦਿਆਂਗੇ। ਪਰ ਤੁਸੀਂ ਲੋਕ ਨਸ਼ੇ ਦੇ ਸੌਦਾਗਰ ਬਣੇ । ਹਰਪਾਲ ਸਿੰਘ ਚੀਮਾ ਨੇ ਪਰਗਟ ਸਿੰਘ ਨੂੰ ਕਿਹਾ ਕਿ ਤੁਹਾਡੇ ਪਿੱਛੇ ਜੋ ਤੁਹਾਡਾ ਸਾਥੀ ਖੜ੍ਹਾ ਹੈ। ਉਸ ‘ਤੇ ਮੁਕੱਦਮੇ ਚੱਲਦੇ ਹਨ । ਪੂਰਾ ਪੰਜਾਬ ਜਾਣਦਾ ਹੈ ਕਿ ਤੁਸੀਂ ਕਿਵੇਂ ਪੰਜਾਬ ਵਿੱਚ ਨਸ਼ਾ ਲੈ ਕੇ ਆਏ ਹੋ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਰਗਟ ਸਿੰਘ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਕਾਂਗਰਸ ਦੇ ਪ੍ਰਧਾਨ ਬਣੇ ਹਨ। ਉਹਨਾਂ ਨੇ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਹਜ਼ਾਰਾਂ ਨੌਜਵਾਨਾਂ ਦੀ ਮੌਤ ਲਈ ਜ਼ਿੰਮੇਵਾਰ ਕਾਂਗਰਸ ਤੋਂ ਪੰਜਾਬ ਦੇ ਲੋਕ ਸਵਾਲ ਕਿਉਂ ਨਾ ਕਰਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਵਾਇਆ ਸੀ। ਪੰਜਾਬ ਅਤੇ ਦਿੱਲੀ ਵਿੱਚ ਸਿੱਖਾਂ ਦੇ ਗਲ਼ਾਂ ਵਿੱਚ ਟਾਇਰ ਪਾ ਕੇ ਉਹਨਾਂ ਦਾ ਕਤਲ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਪੂਰਾ ਦੇਸ਼ ਜਾਣਦਾ ਹੈ । ਚੀਮਾ ਨੇ ਕਾਂਗਰਸੀ ਆਗੂਆਂ ਨੂੰ ਜਗਦੀਸ਼ ਟਾਈਟਲਰ ਨਾਲ ਜੁੜਿਆ ਦੱਸਦਿਆਂ ਦੋਸ਼ ਲਾਇਆ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਦੀ ਕਾਰਵਾਈ ਕੀਤੀ ਸੀ। ਉਹਨਾਂ ਨੇ ਕਾਂਗਰਸ ‘ਤੇ ਲਾਸ਼ਾਂ ‘ਤੇ ਰਾਜਨੀਤੀ ਕਰਨ ਦਾ ਵੀ ਦੋਸ਼ ਲਾਇਆ। ਚੀਮਾ ਨੇ ਸੁਖਪਾਲ ਸਿੰਘ ਨਾਲ ਜੁੜੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਨਸ਼ਾ ਤਸਕਰੀ ਦੇ ਦੋਸ਼ਾਂ ‘ਤੇ ਵੀ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਨਕੋਦਰ ਕਾਂਡ ਨੂੰ ਲੋਕ ਭੁੱਲੇ ਨਹੀਂ ਹਨ।

Leave a Reply

Your email address will not be published. Required fields are marked *