ਫਰਾਂਸ ਤੋਂ ਵਾਪਸੀ ਸਮੇਂ ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਰੋਕੇ ਜਾਣ ਵਾਲੇ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਪੋਰਟ ‘ਤੇ ਦੋ ਘੰਟੇ ਤੱਕ ਉਡੀਕ ਕਰਨ ਲਈ ਕਿਹਾ ਗਿਆ ਸੀ, ਕਿਉਂਕਿ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਾਮਾਨ ਚੈੱਕ ਕਰਨਾ ਹੈ। ਸਾਮਾਨ ਦੀ ਚੈਕਿੰਗ ਕਰਨ ‘ਤੇ ਕੁਝ ਵੀ ਨਹੀਂ ਮਿਲਿਆ। ਜਦੋਂ ਸੀਐਮ ਭਗਵੰਤ ਮਾਨ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਨੂੰ ਪਰੇਸ਼ਾਨੀ ਮੰਨਦੇ ਹਨ, ਤਾਂ ਮੁੱਖ ਮੰਤਰੀ ਮਾਨ ਨੇ ਜਵਾਬ ਦਿੱਤਾ, “ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦਾ ਮੁਖੀ ਮਨੀਸ਼ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਸਕਾ ਭਰਾ ਹੈ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਬਦਲਾ ਲੈਂਦੈ ਹਨ” ਇਹ ਖੁਲਾਸਾ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤੇ ਗਏ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ ‘ਤੇ ਤਿੰਨ ਘੰਟਿਆਂ ਲਈ ਰੋਕ ਕੇ ਰੱਖਿਆ ਗਿਆ ਸੀ। ‘ਆਪ’ ਅਨੁਸਾਰ, ਪੈਰਿਸ ਤੋਂ ਵਾਪਸੀ ‘ਤੇ ਅਧਿਕਾਰੀਆਂ ਨੇ ਮਾਨ ‘ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ।