ਗੁਰਦਾਸਪੁਰ ਵਿਚ ਅੱਜ ਸਵੇਰੇ ਸਿਆਲ ਦੀ ਪਹਿਲੀ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਅੱਜ ਸਵੇਰੇ ਬਟਾਲਾ-ਕਾਹਨੂੰਵਾਨ ਰੋਡ ਉੱਪਰ ਅੱਡਾ ਮਲਕਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (40) ਪੁੱਤਰ ਸਲਵਿੰਦਰ ਸਿੰਘ ਅਤੇ ਸਲਵਿੰਦਰ ਸਿੰਘ (62) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਠੱਕਰ ਸੰਧੂ ਵਜੋਂ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਿਓ ਪੁੱਤ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਕਾਜ ਲਈ ਬਟਾਲਾ ਸ਼ਹਿਰ ਜਾ ਰਹੇ ਸਨ ਕਿ ਜਦੋਂ ਉਹ ਅੱਡਾ ਮਲਕਪੁਰ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਵਾਹਨ ਦੀ ਜ਼ੋਰਦਾਰ ਫੇਟ ਵੱਜਣ ਨਾਲ ਉਹ ਸੜਕ ‘ਤੇ ਡਿੱਗ ਪਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੇ ਤੁਰੰਤ ਬਾਅਦ ਪਿੱਛੇ ਤੋਂ ਆ ਰਹੀ ਇਕ ਟਰੈਕਟਰ ਟਰਾਲੀ ਨੂੰ ਇਕ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਟਰੈਕਟਰ ਟਰਾਲੀ ਨੇੜੇ ਟੋਏ ਵਿਚ ਡਿੱਗ ਪਈ। ਇਸ ਮੌਕੇ ਬੱਸ ਵਿਚ ਸਵਾਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ।