ਫਗਵਾੜਾ, 27 ਜੁਲਾਈ (ਰਮਨਦੀਪ) ਫਗਵਾੜਾ ਵਿਖੇ ਭਾਜਪਾ ਵਰਕਰਾਂ ਅਤੇ ਨੇਤਾਵਾ ਦਾ ਇੱਕ ਵਫਦ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ ਲੈਹਿੰਬਰ ਰਾਮ ਨੂੰ ਮਿਲਿਆ। ਇਸ ਦੌਰਾਨ ਸਮੂਹ ਭਾਜਪਾ ਨੇਤਾਵਾ ਨੇ ਦੋਸ਼ ਲਗਾਉਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲਗਾਈ ਜਾ ਰਹੀ ਵੈਕਸੀਨ ਅਤੇ ਲਗਾਏ ਜਾ ਰਹੇ ਕੈਂਪਾਂ ਨੂੰ ਲੈ ਕੇ ਉਨਾਂ ਦੇ ਵਰਕਰਾਂ ਅਤੇ ਨੇਤਾਵਾ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਸਮੂਹ ਭਾਜਪਾ ਨੇਤਾਵਾ ਅਤੇ ਵਰਕਰਾਂ ਵੱਲੋਂ ਇਸ ਨੂੰ ਲੈ ਕੇ ਸੂਬਾ ਸਰਕਾਰ ਅਤੇ ਹਸਪਤਾਲ ਦੇ ਪ੍ਰਸ਼ਾਸ਼ਨ ਖਿਲਾਫ ਜਮ ਕੇ ਨਾਅਰੇਬਾਜੀ ਵੀ ਕੀਤੀ ਗਈ।ਭਾਜਪਾ ਦੇ ਸੀਨੀਅਰ ਨੇਤਾ ਰਾਕੇਸ਼ ਦੁੱਗਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲਗਾਈ ਜਾ ਰਹੀ ਵੈਕਸੀਨ ਉਨਾਂ ਦੇ ਨਹੀ ਲਗਾਈ ਜਾ ਰਹੀ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਬਿਮਾਰੀ ਕਾਂਗਰਸ ਪਾਰਟੀ ਜਾ ਫਿਰ ਭਾਜਪਾ ਪਾਰਟੀ ਨੂੰ ਦੇਖ ਨਹੀ ਆਉਦੀ ਇਸ ਲਈ ਉਹ ਪੁੱਛਣਾ ਚਾਹੁੰਦੇ ਹਨ ਕਿ ਉਨਾਂ ਨਾਲ ਇਹ ਪੱਖ ਪਾਤ ਕਿਉਂ ਕੀਤਾ ਜਾ ਰਿਹਾ ਹੈ। ਉਨਾਂ ਬਿਨਾਂ ਨਾਮ ਲਏ ਹਸਪਤਾਲ ਦੇ ਸਟਾਫ ‘ਤੇ ਦੋਸ਼ ਲਗਾਏ ਕਿ ਜਦੋਂ ਵੀ ਭਾਜਪਾ ਨੇਤਾ ਜਾ ਵਰਕਰ ਵੈਕਸੀਨ ਲਗਾਉਣ ਲਈ ਆਉਦਾ ਹੈ ਤਾਂ ਉਸ ਨੂੰ ਸਾਫ ਕਿਹਾ ਕਿ ਜਾਂਦਾ ਹੈ ਉਹ ਭਾਜਪਾ ਦੇ ਹਨ ਇਸ ਲਈ ਵੈਕਸੀਨ ਨਹੀ ਲੱਗੇਗੀ।ਸਾਬਕਾ ਮੇਅਰ ਅਰੁਣ ਖੋਸਲਾ ਨੇ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਜਦੋਂ ਉਹ ਆਪਣੇ ਵਾਰਡ ਵਿੱਚ ਕੈਂਪ ਲਗਾਉਣ ਲਈ ਕਹਿੰਦੇ ਹਨ ਤਾਂ ਉਨਾਂ ਨੂੰ ਲਾਰਿਆ ਵਿੱਚ ਹੀ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ 1 ਨੰਬਰ ਵਾਰਡ ਤੋਂ ਲੈ ਕੇ 50 ਨੰਬਰ ਵਾਰਡ ਤੱਕ ਦੇ ਸਾਰੇ ਵਾਰਡਾ ਵਿੱਚ ਕੈਂਪ ਲਗਾਉਣੇ ਚਾਹੀਦੇ ਹਨ ਤੇ ਇਹ ਕੈਂਪ ਕਿਸੇ ਜਿੰਮੇਵਾਰ ਵਿਅਕਤੀ ਦੀ ਦੇਖ ਰੇਖ ਵਿੱਚ ਹੀ ਲਗਾਉਣੇ ਚਾਹੀਦੇ ਹਨ ਨਾਂ ਕਿ ਕਿਸੇ ਹੋਰ ਵਿਅਕਤੀ ਦੇ ਕਹੇ ਤੇ। ਖੋਸਲਾ ਨੇ ਕਿਹਾ ਕਿ ਜੇਕਰ ਉਨਾਂ ਦੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਇਸੇ ਤਰਾਂ ਹੀ ਆਪਣਾ ਸੰਘਰਸ਼ ਜਾਰੀ ਰੱਖਣਗੇ।ਇਸ ਦੌਰਾਨ ਵਫਦ ਵੱਲੋਂ ਦੋ ਮੰਗ ਪੱਤਰ ਐੱਸ.ਐੱਮ.ਓ ਫਗਵਾੜਾ ਨੂੰ ਦਿੱਤੇ ਗਏ। ਜਿਸ ਵਿੱਚ ਉਨਾਂ ਮੰਗ ਕੀਤੀ ਕਿ ਇੱਕ ਵਿਅਕਤੀ ਜੋ ਕਿ ਨਾ ਤਾਂ ਕੌਸਲਰ ਹੈ ਤੇ ਨਾ ਹੀ ਕੋਈ ਚੋਣ ਲੜਿਆ ਹੈ ਪਰ ਉਸ ਦੇ ਨਾਂ ਅੱਗੇ ਕੌਸਲਰ ਲਗਾ ਕੇ ਵੈਕਸੀਨ ਦਿੱਤੀ ਗਈ ਹੈ ਤੇ ਇਹ ਸਭ ਕੁੱਝ ਜਿਸ ਅਧਿਕਾਰੀ ਨੇ ਵੀ ਕੀਤਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਉਧਰ ਇਸ ਸਾਰੇ ਮਾਮਲੇ ਤੋਂ ਬਾਅਦ ਜਦੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਲਹਿੰਬਰ ਰਾਮ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਕੋਰੋਨਾ ਵੈਕਸੀਨ ਦੀ ਕਮੀ ਦੇ ਚੱਲਦਿਆ ਹੀ ਉਕਤ ਸਮੱਸਿਆ ਆ ਰਹੀ ਹੈ ਤੇ ਜਲਦ ਹੀ ਇਸ ਦਾ ਉਚਿਤ ਹੱਲ ਕਰ ਦਿੱਤਾ ਜਾਵੇਗਾ। ਉਨਾਂ ਨਾਲ ਕਿਹਾ ਕਿ ਜੋ ਮੰਗ ਪੱਤਰ ਉਨਾਂ ਨੂੰ ਦਿੱਤਾ ਗਿਆ ਉਹ ਵੀ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ।