ਫਗਵਾੜਾ, 30 ਜੁਲਾਈ (ਰਮਨਦੀਪ) ਆਕਸੀਜਨ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਨਵੇਂ ਬਣੇ ਆਕਸੀਜਨ ਪਲਾਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਰਿਬਨ ਕੱਟ ਕੇ ਕੀਤਾ ਉਨ੍ਹਾਂ ਨਾਲ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਦੇਸ਼ ਭਰ ਵਿਚ ਆਕਸੀਜਨ ਦੀ ਕਾਫੀ ਕਿੱਲਤ ਮਹਿਸੂਸ ਕੀਤੀ ਗਈ ਸੀ ਤੇ ਕੋਰੋਨਾ ਦੀ ਤੀਸਰੀ ਲਹਿਰ ਦਾ ਬਹੁਤਾ ਅਸਰ ਨਾ ਹੋਵੇ ਇਸ ਮਕਸਦ ਨਾਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਫਗਵਾੜਾ ਵਿਖੇ ਲਗਾਏ ਗਏ ਇਸ ਆਕਸੀਜਨ ਪਲਾਂਟ ਉੱਪਰ ਕੁੱਲ ਲਾਗਤ 65 ਲੱਖ ਰੁਪਏ ਆਈ ਹੈ ਜਿਸ ਵਿਚ ਜੀ.ਐਨ.ਏ ਗਰੁੱਪ ਅਤੇ ਆਈ.ਟੀ.ਸੀ ਦਾ ਵਢਮੁੱਲਾ ਯੋਗਦਾਨ ਹੈ। ਫਗਵਾੜਾ ਵਿਖੇ ਕੋਰੋਨਾ ਵੈਕਸੀਜਨ ਦੀ ਕਮੀ ਸਬੰਧੀ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਸਪਲਾਈ ‘ਤੇ ਨਿਰਭਰ ਕਰਦਾ ਹੈ। ਜਿੰਨੀ ਸਪਲਾਈ ਆਉਂਦੀ ਹੈ ਉਹ ਉਸੇ ਦਿਨ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ।