ਗੁਰਾਇਆਂ, 3 ਅਗਸਤ (ਮਨੀਸ਼ ਕੌਸ਼ਲ) ਸੀ.ਆਈ.ਏ ਸਟਾਫ ਜਲੰਧਰ ਦਿਹਾਤੀ 2 ਨੇ ਗੁਰਾਇਆਂ ਤੋਂ ਪੈਸੇ ਦੁੱਗਣੇ ਤਿੱਗਣੇ ਕਰਨ ਦਾ ਝਾਸਾਂ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਭਾਰਤੀ ਕਰੰਸੀ ਤੋਂ ਇਲਾਵਾ ਨਕਲੀ ਨੋਟਾਂ ਅਤੇ ਕਾਰ ਸਮੇਤ ਕਾਬੂ ਕੀਤਾ ਹੈ।ਐੱਸ.ਪੀ.ਡੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ.ਆਈ.ਏ ਜਲੰਧਰ ਦਿਹਾਤੀ 2 ਦੇ ਇੰਚਾਰਜ ਪੁਸ਼ਪਬਾਲੀ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਏ.ਐੱਸ.ਆਈ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਦਾਣਾ ਮੰਡੀ ਗੁਰਾਇਆਂ ਸਥਿਤ ਮਾਰਕੀਟ ਕਮੇਟੀ ਦੇ ਦਫਤਰ ਨੇੜਿਓ ਦਿੱਲੀ ਨੰਬਰੀ ਰਿਟਜ਼ ਕਾਰ ‘ਚ ਸਵਾਰ 6 ਲੋਕਾਂ ਨੂੰ ਕਾਬੂ ਕੀਤਾ। ਜਿਨਾਂ ਦੀ ਪਹਿਚਾਣ ਦੀਨਾ ਨਾਥ ਪੁੱਤਰ ਰਾਮ ਚੰਦਰ, ਬਲੇਸ਼ਵਰ ਰਾਮ ਪੁੱਤਰ ਪ੍ਰਲਾਦ ਰਾਮ ਵਾਸੀ ਮੰਗਲਪੁਰ, ਘਨ੍ਹੱਈਆ ਪੁੱਤਰ ਲੇਖ ਰਾਜ, ਰਮੇਸ਼ ਚੌਧਰੀ ਪੁੱਤਰ ਭੋਲਾ ਚੌਧਰੀ ਚਾਰੋ ਵਾਸੀ ਬਿਹਾਰ ਤੋਂ ਇਲਾਵਾ ਅਨੂਪ ਸ਼ਰਮਾਂ ਪੁੱਤਰ ਦਿਗਵਿਜੇ ਸ਼ਰਮਾਂ, ਅਤੁੱਲ ਬੱਬਰ ਪੁੱਤਰ ਵਿਜੇ ਬੱਬਰ ਦੋਨੋਂ ਵਾਸੀ ਜਲੰਧਰ ਵਜੋਂ ਹੋਈ ਹੈ। ਉਨਾਂ ਕਿਹਾ ਕਿ ਉਕਤ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਤਿੱਗਣੇ ਕਰਨ ਦਾ ਝਾਂਸਾ ਦੇ ਕੇ ਠਗੀਆਂ ਮਾਰਦੇ ਸਨ। ਉਨਾਂ ਕਿਹਾ ਕਿ ਇਨਾਂ ਵੱਲੋਂ ਹਰਮਿੰਦਰਪਾਲ ਉਰਫ ਲਾਡੀ ਪੁੱਤਰ ਰਜਿੰਦਰ ਕੁਮਾਰ ਵਾਸੀ ਭਾਰਗੋ ਕੈਂਪ ਜਲੰਧਰ ਨਾਲ ਵੀ 75 ਹਜਾਰ ਦੀ ਠੱਗੀ ਮਾਰੀ ਗਈ ਸੀ। ਪੁਲਿਸ ਨੇ ਇਨਾਂ ਪਾਸੋਂ ਇੱਕ ਲੱਖ ਰੁਪਏ ਦੀ ਭਾਰਤੀ ਕਰੰਸੀ, ਗਿਆਰਾਂ ਥੱਦੀਆਂ ਜਿਨਾਂ ਉਪਰ 100-100 ਦੇ ਅਸਲੀ ਨੋਟ ਤੇ ਥੱਲੇ ਚਿੱਟੇ ਕਾਗਜ ਲਗਾਏ ਹੋਏ ਸਨ, 2 ਲੱਖ 80 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ।