ਫਗਵਾੜਾ : ‘ਆਸ਼ੂ ਦੀ ਹੱਟੀ’ ‘ਚ ਪੈ ਗਿਆ ਪੰਗਾ, ਲੋਕਾਂ ਨੇ ਸੇਲ ਦੇ ਬਹਾਨੇ ਧੋਖਾਧੜੀ ਦੇ ਲਾਏ ਦੋਸ਼

ਫਗਵਾੜਾ, 4 ਅਗਸਤ (ਰਮਨਦੀਪ) – ਫਗਵਾੜਾ ਵਿਖੇ ਹਮੇਸ਼ਾ ਹੀ ਚਰਚਾ ਵਿੱਚ ਰਹਿਣ ਵਾਲੇ ਆਸ਼ੂ ਦੀ ਹੱਟੀ ਦੇ ਮਾਲਿਕ ਇਸ ਵਾਰ ਫਿਰ ਤੋਂ ਇੱਕ ਨਵੇਂ ਹੀ ਵਿਵਾਦ ਵਿੱਚ ਘਿਰ ਗਏ ਹਨ।ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਦੇ ਮਾਲਿਕ ਵੱਲੋਂ ਇਸ ਵਾਰ ਸੋਸ਼ਲ ਮੀਡੀਆ ‘ਤੇ ਮਹਿੰਗੇ ਕੱਪੜਿਆ ‘ਤੇ ਭਾਰੀ ਛੋਟ ਦਾ ਕਹਿ ਕੇ ਸੇਲ ਲਗਾਉਣ ਦਾ ਮੈਸੇਜ ਵਾਇਰਲ ਕੀਤਾ ਗਿਆ ਸੀ ਜਿਸ ਵਿਚ ਇਹ ਸੇਲ 4 ਅਗਸਤ ਦਿਨ ਬੁੱਧਵਾਰ ਨੂੰ ਸਿਰਫ ਤੜਕਸਾਰ 3 ਤੋਂ 4 ਵਜੇ ਤੱਕ ਹੀ ਲਗਾਉਣ ਦਾ ਕਿਹਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਮੈਸੇਜ ਤੋਂ ਬਾਅਦ ਇਕੱਲੇ ਫਗਵਾੜਾ ਹੀ ਨਹੀ ਸਗੋਂ ਪੰਜਾਬ ਦੇ ਕੋਨੇ ਕੋਨੇ ਤੋਂ ਪੁਹੰਚੇ ਲੋਕਾਂ ਦੇ ਹੁਜ਼ੂਮ ਨੇ ਇੰਨੀ ਭੀੜ ਦਿੱਤੀ ਕਿ ਦੂਰ ਦੂਰ ਤੱਕ ਲੋਕਾਂ ਦੀਆਂ ਅਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆ, ਜੋ ਕਿ ਸ਼ਰੇਆਮ ਕੋਵਿਡ ਹਿਦਾਇਤਾਂ ਦੀ ਉਲੰਘਣਾ ਕਰ ਰਹੇ ਸਨ।ਆਸ਼ੁੂ ਦੀ ਹੱਟੀ ਦੇ ਮਾਲਿਕ ਤੋਂ ਇਸ ਸੇਲ ਨੂੰ ਖਫਾ ਹੋਈਆ ਮਹਿਲਾਵਾਂ ਨੇ ਜਿੱਥੇ ਆਸ਼ੂ ਦੀ ਹੱਟੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਉੱਥੇ ਹੀ ਗੁੱਸੇ ਆਈਆਂ ਮਹਿਲਾਵਾਂ ਨੇ ਟੈਂਟ ਤੱਕ ਉਖਾੜ ਦਿੱਤੇ ਜੋ ਕਿ ਉੱਥੇ ਹੀ ਧਰਨੇ ‘ਤੇ ਬੈਠ ਗਈਆਂ।ਸੇਲ ‘ਤੇ ਪਹੁੰਚੀਆਂ ਕੁੱਝ ਮਹਿਲਾਵਾਂ ਨੇ ਕਿਹਾ ਕਿ ਆਸ਼ੂ ਦੀ ਹੱਟੀ ਦੇ ਮਾਲਿਕ ਵੱਲੋਂ ਉਨਾਂ ਨਾਲ ਧੋਖਾ ਕੀਤਾ ਗਿਆ ਹੈ। ਉਨਾਂ ਦੋਸ਼ ਲਗਾਇਆ ਕਿ ਦੁਕਾਨਦਾਰ ਵੱਲੋਂ ਪੈਸੇ ਵੀ ਲੈ ਲਏ ਗਏ ਤੇ ਸੂਟ ਵੀ ਖੋਹ ਕੇ ਰੱਖ ਲਏ ਜੋ ਕਿ ਮੁੜ ਕੇ ਨਹੀ ਦਿੱਤੇ। ਜਦ ਕਿ ਉਨਾਂ ਨੂੰ ਦਿੱਤੇ ਟੋਕਣ ਨੂੰ ਫਾੜ ਦਿੱਤਾ ਗਿਆ। ਮਹਿਲਾਵਾਂ ਦਾ ਕਹਿਣਾ ਹੈ ਕਿ ਜੋ ਸੂਟ 10 ਹਜ਼ਾਰ ਰੁਪਏ ਦਾ 395 ਰੁਪਏ ਵਿੱਚ ਦੇਣ ਦਾ ਕਿਹਾ ਸੀ ਪਰ ਸੂਟਾਂ ਦੀ ਕੁਆਲਿਟੀ ਦੇਖ ਤਾਂ ਲੱਗਦਾ ਸੀ ਕਿ ਉਸ ਸੂਟ ਦੀ ਕੀਮਤ ਮਹਿਜ 100 ਜਾ 200 ਰੁਪਏ ਹੀ ਹੋਵੇਗੀ। ਮਹਿਲਾਵਾਂ ਮੁਤਾਬਿਕ ਜਿੰਨੇ ਵੀ ਲੋਕ ੳੁੱਥੇ ਮੌਜੂਦ ਸਨ ਉਨਾਂ ਸਾਰਿਆ ਨਾਲ ਠੱਗੀ ਹੋਈ ਹੈ।ਉਧਰ ਇੱਕ ਮਹਿਲਾ ਨੇ ਕਿਹਾ ਕਿ ਆਸ਼ੂ ਦੀ ਹੱਟੀ ਵਾਲਿਆ ਨੇ ਘਟੀਆ ਕੁਆਲਿਟੀ ਦੇ ਸੂਟ ਦਿਖਾਏ ਜਦ ਕਿ ਸੋਸ਼ਲ ਮੀਡੀਆ ਵਿੱਚ ਜੋ ਮੈਸੇਜ ਪਾਇਆ ਗਿਆ ਸੀ ਉਹ ਵੀ ਝੂਠਾ ਹੀ ਸੀ। ਉਨਾਂ ਕਿਹਾ ਕਿ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ ਉਹ ਸਾਰੇ ਹੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਸਨ।ਇੱਕ ਮਹਿਲਾ ਨੇ ਆਸ਼ੂ ਦੀ ਹੱਟੀ ਦਾ ਵਿਰੋਧ ਕਰਦਿਆ ਕਿਹਾ ਕਿ ਜਿੰਨੀ ਦੁਕਾਨ ਮਸ਼ਹੂਰ ਹੋਈ ਸੀ ਉਨੀ ਹੀ ਉਹ ਮਾੜੀ ਨਿਕਲੀ ਹੈ ਤੇ ਉਹ ਹੁਣ ਕਦੀ ਵੀ ਆਸ਼ੂ ਦੀ ਹੱਟੀ ‘ਤੇ ਨਹੀ ਜਾਣਗੇ ਤੇ ਇਹ ਦੁਕਾਨ ਬੰਦ ਹੋਣੀ ਚਾਹੀਦੀ ਹੈ।ਇਸ ਸੇਲ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਨੂੰ ਮੌਕੇ ‘ਤੇ ਪਹੁੰਚ ਕੇ ਇਸ ਸੇਲ ਨੂੰ ਬੰਦ ਕਰਵਾਉਣਾ ਪਿਆ। ਸਸਤੀ ਸੇਲ ਦੇ ਪਾਏ ਮੈਸੇਜ ਤੋਂ ਬਾਅਦ ਜਿੱਥੇ ਕਿ ਬਹੁਤ ਸਾਰੀਆ ਬੀਬੀਆਂ ਨੂੰ ਖਾਲੀ ਹੱਥ ਹੀ ਵਾਪਿਸ ਮੁੜਣਾ ਪਿਆ ਉੱਥੇ ਹੀ ਮਹਿਲਾਵਾਂ ਨੇ ਆਸ਼ੂ ਦੀ ਹੱਟੀ ਦੇ ਮਾਲਿਕ ਨੂੰ ਖਰੀਆ ਸੁਣਾਉਦੇ ਹੋਏ ਕਿਹਾ ਕਿ ਆਸ਼ੂ ਦੀ ਹੱਟੀ ਦੇ ਮਾਲਿਕ ਵੱਲੋਂ ਇਹ ਕਹਿ ਕੇ ਸੇਲ ਲਗਾਈ ਗਈ ਸੀ ਕਿ 10-10 ਹਜ਼ਾਰ ਵਾਲਾ ਸੂਟ ਸਿਰਫ ਤੇ ਸਿਰਫ 400 ਰੁਪਏ ਵਿੱਚ ਦਿੱਤਾ ਜਾਵੇਗਾ ਪਰ ਜੋ ਸੂਟ ਉਨਾਂ ਨੂੰ 10 ਹਜਾਰ ਰੁਪਏ ਦਾ ਕਹਿ ਕੇ 400 ਰੁਪਏ ਦਿੱਤਾ ਗਿਆ ਹੈ ਉਹ ਮਹਿਜ 100 ਰੁਪਏ ਦਾ ਸੂਟ ਹੈ ਤੇ ਉਕਤ ਦੁਕਾਨ ਮਾਲਿਕ ਵੱਲੋਂ ਸੇਲ ਦੇ ਨਾਂਅ ‘ਤੇ ਉਨਾਂ ਨਾਲ ਲੁੱੱਟ ਖਸੁੱਟ ਕੀਤੀ ਗਈ ਹੈ। ਉਨਾਂ ਆਸ਼ੂ ਦੀ ਹੱਟੀ ਦੇ ਮਾਲਿਕ ‘ਤੇ ਅਰੋਪ ਲਗਾਇਆ ਕਿ ਦੁਕਾਨ ਦੇ ਮਾਲਿਕ ਆਸ਼ੂ ਨੇ ਵਧੀਆ ਕੁਆਲਟੀ ਦਾ ਕੱਪੜਾ ਸਸਤੇ ਰੇਟ ‘ਤੇ ਦੇਣ ਦਾ ਕਹਿ ਕੇ ਹੀ ਭੀੜ ਨੂੰ ਜੁਟਾਇਆ ਹੈ ਜੋ ਕਿ ਗ੍ਰਾਹਕਾ ਨਾਲ ਸਰਾਸਰ ਧੋਖਾ ਹੈ।ਇੱਥੇ ਹੀ ਬੱਸ ਨਹੀ ਕਿ ਇਸ ਸੇਲ ਦੌਰਾਨ ਬਹੁਤ ਸਾਰੀਆ ਬੀਬੀਆਂ ਦੇ ਜਖਮੀ ਹੋਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਹਨ। ਇਸ ਸਬੰਧੀ ਜਦੋ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੋਰਾਨ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਵੱਲੋਂ ਪਹਿਲਾ ਵੀ ਧਾਰਾ 188 ਅਧੀਨ ਮਾਮਲੇ ਦਰਜ ਹੋ ਚੁੱਕੇ ਹਨ ਤੇ ਇਸ ਵਾਰ ਵੀ ਆਸ਼ੂ ਦੀ ਹੱਟੀ ਦੇ ਮਾਲਿਕ ਖਿਲਾਫ ਕੋਰੋਨਾ ਕਾਲ ਦੋਰਾਨ ਸਰਕਾਰ ਦੇ ਆਦੇਸ਼ਾ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਤਹਿਤ ਧਾਰਾ 188 ਦਾ ਮਾਮਲਾ ਦਰਜ਼ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *