ਫਗਵਾੜਾ, 6 ਅਗਸਤ – ਬਿਜਲੀ ਵਿਭਾਗ ਵਿੱਚ ਠੇਕੇ ‘ਤੇ ਕੰਮ ਕਰ ਰਹੇ ਕੱਚੇ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਪਿਛਲੇ ਦੋ ਦਿਨਾਂ ਤੋਂ ਦਫਤਰਾਂ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਪਰ ਫਿਰ ਵੀ ਸਰਕਾਰ ਵੱਲੋਂ ਉਨਾਂ ਦੀ ਹੱਕੀ ਮੰਗਾਂ ਵੱਲ ਧਿਆਨ ਨਹੀ ਦਿੱਤਾ ਗਿਆ। ਇਸ ਦੇ ਤਹਿਤ ਪੰਜਾਬ ਭਰ ਵਿੱਚ ਕੱਚੇ ਮੁਲਾਜਮਾਂ ਵੱਲੋਂ ਡਿਵੀਜ਼ਨ ਪੱਧਰ ‘ਤੇ ਦਫਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆ ਸਰਕਾਰ ਦੇ ਪੁਤਲੇ ਫੂਕੇ ਗਏ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਦੇ ਬੰਗਾ ਰੋਡ ਵਿਖੇ ਸਥਿਤ ਬਿਜਲੀ ਘਰ ਦੇ ਬਾਹਰ ਮੁਲਾਜਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਪ੍ਰਦਰਸ਼ਨਕਾਰੀਆ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਵੱਲੋਂ ਬੀਤੇ ਦਿਨ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਤੀ ਮਹਿਲ ਦਾ ਘੇਰਾਓ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਉਨਾਂ ਦੇ ਮੁਲਾਜਮਾਂ ‘ਤੇ ਪਾਣੀ ਦੀਆਂ ਬੌਛਾਰਾਂ ਛੱਡ ਕੇ ਤਸ਼ੱਦਦ ਕੀਤਾ ਗਿਆ ਜੋ ਕਿ ਨਿੰਦਣਯੋਗ ਹੈ। ਇਸ ਦੇ ਚੱਲਦਿਆ ਹੀ ਉਨਾਂ ਵੱਲੋਂ ਪੰਜਾਬ ਭਰ ਵਿੱਚ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆ ਪੁਤਲੇ ਫੂਕੇ ਗਏ ਹਨ। ਉਨਾਂ ਕਿਹਾ ਕਿ ਸਰਕਾਰ ਬਿਨਾਂ ਸ਼ਰਤ ਉਨਾਂ ਨੂੰ ਪੱਕੇ ਕਰੇ।ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ ਦੀਆਂ ਹੱਕੀ ਮੰਗਾਂ ਨਾਂ ਮੰਨੀਆਂ ਤਾਂ 2022 ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ।ਬਿਜਲੀ ਵਿਭਾਗ ਵਿੱਚ ਜਿੰਨੇ ਵੀ ਮੁਲਾਜਮ ਕੱਚੇ ਹਨ ਉਹ ਸਾਰੇ ਦੂਸਰੀ ਪਾਰਟੀ ਨੂੰ ਜਤਾਉਣ ਵਿੱਚ ਆਪਣੀ ਭੂਮਿਕਾਂ ਨਿਭਾਉਣਗੇ।