ਫਗਵਾੜਾ, 7 ਅਗਸਤ (ਰਮਨਦੀਪ) ਫਗਵਾੜਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਹੈ।ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਫਗਵਾੜਾ ਦੇ ਹਦੀਆਬਾਦ ਵਿਖੇ ਚੋਰ ਇੱਕ ਘਰ ਅੰਦਰ ਦਾਖਲ ਹੋ ਕੇ ਸੋਨੇ ਦੇ ਗਹਿਣਿਆਂ ਅਤੇ ਨਗਦੀ ‘ਤੇ ਹੱਥ ਸਾਫ ਕਰਕੇ ਫਰਾਰ ਹੋ ਗਏ।ਘਰ ਦੇ ਮਾਲਿਕ ਹਰਨਾਮ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਉਹ ਘਰ ਤੋਂ ਬਜਾਰ ਗਏ ਸਨ ਤੇ ਜਦੋਂ ਵਾਪਿਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਉਨਾਂ ਕਿਹਾ ਕਿ ਜਦੋਂ ਉਨਾਂ ਨੇ ਅਲਮਾਰੀ ਦੇਖੀ ਤਾਂ ਅਲਮਾਰੀ ਵਿੱਚੋਂ ਸੋਨੇ ਦੇ ਗਹਿਣੇ ਅਤੇ 20 ਹਜਾਰ ਰੁਪਏ ਦੀ ਨਗਦੀ ਗਾਇਬ ਸੀ। ਜਿਸ ਸਬੰਧੀ ਉਨਾਂ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।ਉਧਰ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।