ਫਗਵਾੜਾ, 8 ਅਗਸਤ – ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ‘ਆਸ਼ੂ ਦੀ ਹੱਟੀ’ ਬੰਗਾ ਰੋਡ ਫਗਵਾੜਾ ਦਾ ਮਾਲਿਕ ਹੋਰ ਮੁਸ਼ਕਲਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਦਰਅਸਲ ਬੀਤੇ ਦਿਨੀਂ ਸੇਲ ਲਗਾਉਣ ਦਾ ਮੈਸੇਜ ਸੋਸ਼ਲ ਮੀਡੀਆ ‘ਤੇ ਪਾਇਆ ਗਿਆ ਸੀ।ਜਿਸ ਤੋਂ ਬਾਅਦ ‘ਆਸ਼ੂ ਦੀ ਹੱਟੀ’ ‘ਤੇ ਕਾਫੀ ਭੀੜ ਇਕੱਠੀ ਹੋ ਗਈ ਸੀ ਤੇ ਜਾਮ ਲੱਗ ਗਿਆ ਸੀ। ਸਸਤਾ ਸੂਟ ਲੈਣ ਪਹੁੰਚੀਆਂ ਮਹਿਲਾਵਾਂ ਸੇਲ ਦੌਰਾਨ ਕਾਫੀ ਖੱਜ਼ਲ ਖੁਆਰ ਹੋਈਆਂ ਸਨ ਤੇ ਉਨ੍ਹਾਂ ਦੋਸ਼ ਲਗਾਇਆ ਸੀ ਕਿ ਸੋਸ਼ਲ ਮੀਡੀਆ ਉੱਪਰ ਪਾਏ ਗਏ ਮੈਸੇਜ ਵਿਚ ਜੋ 10000 ਵਾਲਾ ਸੂਟ 300-400 ਰੁਪਏ ਵਿਚ ਦੇਣ ਦਾ ਕਿਹਾ ਗਿਆਂ ਸੀ ਸੇਲ ਵਿਚ ਦਿੱਤਾ ਗਿਆ ਉਹ ਸੂਟ 300-400 ਵਾਲਾ ਹੀ ਨਹੀਂ ਸੀ।ਫਗਵਾੜਾ ਪੁਲਿਸ ਨੇ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਸੇਲ ਬੰਦ ਕਰਵਾ ਦਿੱਤੀ ਸੀ ਜਦਕਿ ‘ਆਸ਼ੂ ਦੀ ਹੱਟੀ’ ਦੇ ਮਾਲਿਕ ਅਤੇ ਵਰਕਰਾਂ ਉੱਪਰ ਧਾਰਾ 188 ਦਾ ਮਾਮਲਾ ਦਰਜ ਕੀਤਾ ਸੀ।ਸੋਸ਼ਲ ਮੀਡੀਆ ਉੱਪਰ ਪੂਰੇ ਘਟਨਾਕ੍ਰਮ ਦੀ ਕਾਫੀ ਚਰਚਾ ਹੋਣ ਤੋਂ ਬਾਅਦ ਫਗਵਾੜਾ ਪੁਲਿਸ ਨੇ ਜਾਂਚ ਕਰਦੇ ਹੋਏ ਪੂਰੇ ਮਾਮਲੇ ਵਿਚ ਧਾਰਾ 188 ਦੇ ਨਾਲ ਨਾਲ ਹੁਣ ਧਾਰਾ 420 ਤੇ 120-ਬੀ ਵੀ ਜੋੜ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਆਸ਼ੂ ਦੀ ਹੱਟੀ ਦੇ ਮਾਲਿਕ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ‘ਆਸ਼ੂ ਦੀ ਹੱਟੀ’ ਦੇ ਮਾਲਿਕ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਕਿਉਕਿ ਉਹ ਫਰਾਰ ਦੱਸਿਆ ਜਾ ਰਿਹਾ ਹੈ।