ਫਿਲੌਰ, 19 ਅਗਸਤ – ਵੈਸੇ ਤਾਂ ਤੁਸੀ ਅਕਸਰ ਹੀ ਇਹ ਸੁਣਿਆ ਤੇ ਪੜਿਆ ਹੋਵੇਗਾ ਕਿ ਇਸ ਜਗ੍ਹਾ ‘ਤੇ ਇਸ ਪ੍ਰਵਾਸੀ ਭਾਰਤੀ ਨਾਲ ਠੱਗੀ ਵੱਜੀ ਹੈ ਜਾਂ ਪ੍ਰਵਾਸੀ ਭਾਰਤੀ ਦੀ ਜਾਇਦਾਦ ਤੇ ਕਬਜਾ ਕਰਕੇ ਉਸ ਦੀ ਜਮੀਨ ਹੜੱਪੀ ਗਈ ਹੈ ਪਰ ਅੱਜ ਅਸੀ ਤਹਾਨੂੰ ਇਕ ਅਜਿਹੀ ਐੱਨ.ਆਰ.ਆਈ ਮਹਿਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਆਪਣੇ ਆਪ ਨੂੰ ਅਮਰੀਕਾ ਦੀ ਪੱਕੀ ਵਸਨੀਕ ਦੱਸ ਕੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਇੱਕ ਹੋਟਲ ਦੇ ਮਾਲਿਕ ਨੂੰ ਹੀ ਪੁਲਿਸ ਦੇ ਨਾਂਅ ‘ਤੇ ਬਲੈਕਮੇਲ ਕਰ ਗਈ। ਦਰਅਸਲ ਇਹ ਮਾਮਲਾ ਹੈ ਫਿਲੌਰ ਦੇ ਇੱਕ ਬਹੁਤ ਹੀ ਮਸ਼ਹੂਰ ਹੋਟਲ ਸਤਲੁਜ ਕਲਾਸਿਕ ਦਾ ਜਿਸ ਦੇ ਮਾਲਿਕ ਨੂੰ ਬਲੈਕਮੇਲ ਕਰਕੇ ਐੱਨ.ਆਰ ਆਈ ਮਹਿਲਾਂ ਨੇ ਡੇਢ ਲੱਖ ਰੁਪਏ ਵਸੂਲ ਕੇ ਲੈ ਗਈ। ਇਸ ਤੋਂ ਬਾਅਦ ਫਿਲੌਰ ਪੁਲਿਸ ਨੇ ਹੋਟਲ ਦੇ ਮਾਲਿਕ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਉਕਤ ਐਨ.ਆਰ.ਆਈ ਔਰਤ, ਉਸ ਦੇ ਸਾਥੀ ਪੱਤਰਕਾਰ ਤੇ ਇੱਕ ਨੇਤਾ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਗੌਰਵ ਸ਼ਰਮਾ ਪੁੱਤਰ ਸਤੀਸ਼ ਕੁਮਾਰ ਸ਼ਰਮਾ ਵਾਸੀ ਸਿਵਲ ਲਾਈਨ ਫਿਲੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਫਿਲੌਰ ਵਿਖੇ ਸਤਲੁਜ ਕਲਾਸਿਕ ਨਾਂਅ ਦਾ ਹੋਟਲ ਹੈ ਜਿੱਥੇ ਕਿ ਅਪ੍ਰੈਲ ਮਹੀਨੇ ‘ਚ ਅਮਰੀਕਾ ਵਾਸੀ ਇਸ਼ਿਕਾ ਸਿੰਘ ਨਾਂਅ ਦੀ ਔਰਤ ਆਈ ਸੀ ਜਿਸ ਨੇ ਆਪਣੇ ਸਾਥੀ ਤਰਲੋਕ ਜੋ ਕਿ ਆਪਣਾ ਆਪ ਨੂੰ ਦਲਿਤ ਨੇਤਾ ਦੱਸਦਾ ਸੀ ਅਤੇ ਜੱਸੀ ਨਾਂਅ ਦੇ ਪੱਤਰਕਾਰ ਨਾਲ ਮਿਲ ਕੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਕਹਿ ਕੇ ਉਸ ਤੋਂ ਡੇਢ ਲੱਖ ਰੁਪਏ ਵਸੂਲ ਲਏ।ਇੰਸਪੈਕਟਰ ਸੰਜੀਵ ਕਪੂਰ ਅਨੁਸਾਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ਼ਿਕਾ ਸਿੰਘ, ਤਰਲੋਕ ਤੇ ਜੱਸੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।