ਮੁੰਬਈ, 24 ਅਗਸਤ – ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਚਿਪਲੂਨ ਤੋਂ ਪੁਲਿਸ ਹਿਰਾਸਤ ਵਿਚ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾ ਰਤਨਾਗਿਰੀ ਕੋਰਟ ਵੱਲੋਂ ਨਾਰਾਇਣ ਰਾਣੇ ਦੀ ਅਗਾਊਂ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਬੌਂਬੇ ਹਾਈਕੋਰਟ ਨੇ ਵੀ ਨਾਰਾਇਣ ਰਾਣੇ ਦੇ ਵਕੀਲ ਦੀ ਦਲੀਲ ਸੁਣਨ ਤੋਂ ਇਨਕਾਰ ਕਰਦੇ ਹੋਏ ਤਤਕਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਨਾਰਾਇਣ ਰਾਣੇ ਨੂੰ ਰਤਨਾਗਿਰੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਨਾਰਾਇਣ ਰਾਣੇ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ। ਆਪਣੇ ਬਿਆਨ ਵਿਚ ਨਾਰਾਇਣ ਰਾਣੇ ਨੇ ਕਿਹਾ ਸੀ ਕਿ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੂੰ ਇਹ ਵੀ ਨਹੀਂ ਯਾਦ ਕਿ ਦੇਸ਼ ਨੂੰ ਆਜ਼ਾਦ ਹੋਇਆ ਕਿੰਨੇ ਸਾਲ ਹੋ ਗਏ ਹਨ ਤੇ ਉਹ ਪਿੱਛੇ ਮੁੜ ਕੇ ਪੁੱਛ ਰਹੇ ਸਨ। ਮੈਂ ਉੱਥੇ ਮੌਜੂਦ ਹੁੰਦਾ ਤਾਂ ਉੱਧਵ ਠਾਕਰੇ ਦੇ ਜ਼ੋਰਦਾਰ ਥੱਪੜ ਮਾਰਦਾ।ਨਾਰਾਇਣ ਰਾਣੇ ਦੇ ਇਸ ਬਿਆਨ ਤੋਂ ਬਾਅਦ ਕਾਫੀ ਹੰਗਾਮਾ ਹੋ ਗਿਆ ਸੀ। ਸ਼ਿਵ ਸੈਨਿਕਾਂ ਨੇ ਮੁੰਬਈ ਸਥਿਤ ਨਾਰਾਇਣ ਰਾਣੇ ਦੇ ਘਰ ਉੱਪਰ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਸ਼ਿਵ ਸੈਨਾ ਅਤੇ ਭਾਜਪਾ ਵਰਕਰਾਂ ਵਿਚਕਾਰ ਝੜਪ ਹੋ ਗਈ ਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਸੀ।