ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਮਾਮਲੇ ‘ਚ ਗੁਰਦਾਸ ਮਾਨ ਦੀ ਜਮਾਨਤ ‘ਤੇ ਫੈਸਲਾ ਕੱਲ੍ਹ ਤੱਕ ਲਈ ਸੁਰੱਖਿਅਤ

ਜਲੰਧਰ, 7 ਸਤੰਬਰ – ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇਂਦਿਆਂ ਵੱਲੋਂ ਗਾਇਕ ਗੁਰਦਾਸ ਮਾਨ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਦਾਇਰ ਕਰਵਾਏ ਗਏ ਮਾਮਲੇ ‘ਤੇ ਗੁਰਦਾਸ ਮਾਨ ਵੱਲੋਂ ਜਲੰਧਰ ਵਿਖੇ ਡਿਸਟ੍ਰਿਕਟ ਸੈਸ਼ਨ ਕੋਰਟ ਵਿਚ ਜਮਾਨਤ ਪਟੀਸ਼ਨ ਪਾਈ ਗਈ ਹੈ।ਗੁਰਦਾਸ ਮਾਨ ਵੱਲੋਂ ਪਾਈ ਗਈ ਪਟੀਸ਼ਨ ‘ਤੇ ਮਾਣਯੋਗ ਅਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਿਚ ਅੱਜ ਲੰਮੀ ਬਹਿਸ ਹੋਈ ਜਿਸ ਤੋਂ ਬਾਅਦ ਮਾਣਯੋਗ ਜੱਜ ਨੇ ਫੈਸਲਾ ਕੱਲ ਤੱਕ ਲਈ ਸੁਰੱਖਿਅਤ ਰੱਖ ਲਿਆ। ਮਾਣਯੋਗ ਜੱਜ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਗੱਲ ਸੁਣਨ ਤੋਂ ਬਾਅਦ ਗੁਰਦਾਸ ਮਾਨ ਦੀ ਜਮਾਨਤ ‘ਤੇ ਫੈਸਲਾ ਬੁੱਧਵਾਰ ਨੂੰ ਸੁਣਾਉਣ ਦੀ ਗੱਲ ਕਹੀ ਹੈ।ਸਿੱਖ ਜਥੇਬੰਦੀਆਂ ਦੇ ਵਕੀਲ ਐਡਵੋਕੇਟ ਰਵੀਇੰਦਰ ਸਿੰਘ ਨੇ ਕਿਹਾ ਕਿ ਮਾਣਯੋਗ ਜੱਜ ਸਾਹਿਬ ਨੇ ਫੈਸਲਾ ਕੱਲ੍ਹ ਸੁਣਾਉਣ ਨੂੰ ਕਿਹਾ ਹੈ। ਜੇਕਰ ਗੁਰਦਾਸ ਮਾਨ ਦੀ ਜਮਾਨਤ ਰੱਦ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦਾਸ ਮਾਨ ਨੂੰ ਜੇ ਜਮਾਨਤ ਮਿਲ ਵੀ ਗਈ ਤਾਂ ਉਹ ਹਾਈਕੋਰਟ ਤੱਕ ਅਪੀਲ ਕਰਨਗੇ। ਅਦਾਲਤ ਦੇ ਬਾਹਰ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਨੂੰ ਲੈ ਕੇ ਜਦੋਂ ਗੁਰਦਾਸ ਮਾਨ ਦੇ ਵਕੀਲ ਐਡਵੋਕੇਟ ਦਰਸ਼ਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੀਡੀਆ ਦੇ ਸਵਾਲਾਂ ਦਾ ਕੋਈ ਜਵਾਬ ਨਾ ਦਿੰਦੇ ਹੋਏ ਉੱਥੋਂ ਚੱਲਦੇ ਬਣੇ। ਉੱਥੇ ਹੀ ਦੂਸਰੇ ਅੇਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਕਿ ਨਕੋਦਰ ਵਿਖੇ ਇੱਕ ਧਾਰਮਿਕ ਸਥਾਨ ‘ਤੇ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਜੋ ਵੀ ਕਿਹਾ ਸੀ ਉਸ ਨਾਲ ਪੂਰੀ ਦੁਨੀਆ ‘ਚ ਵੱਸ ਰਹੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਬਾਕੀ ਫੈਸਲਾ ਕੱਲ੍ਹ ਆਉਣਾ ਹੈ ਤੇ ਗੁਰਦਾਸ ਮਾਨ ਨੂੰ ਜੇ ਜਮਾਨਤ ਮਿਲ ਵੀ ਗਈ ਤਾਂ ਅਗਲੀ ਰਣਨੀਤੀ ਕੀ ਹੋਵੇਗੀ। ਇਸ ਬਾਰੇ ਉਹ ਬਾਅਦ ਵਿਚ ਹੀ ਦੱਸਣਗੇ।

Leave a Reply

Your email address will not be published. Required fields are marked *