ਫਗਵਾੜਾ, 9 ਸਤੰਬਰ (ਰਮਨਦੀਪ) – ਸ਼ਹਿਰ ਅੰਦਰ ਲਗਾਏ ਜਾ ਰਹੇ ਕੋਵਿਡ ਵੈਕਸੀਨੇਸ਼ਨ ਕੈਂਪਾਂ ਵਿੱਚ ਕੀਤੇ ਜਾ ਰਹੇ ਪੱਖਪਾਤ ਨੂੰ ਲੈ ਕੇ ਭਾਜਪਾ ਫਗਵਾੜਾ ਵੱਲੋਂ ਸਿਵਲ ਹਸਪਤਾਲ ਵਿਖੇ ਰੋਸ ਪ੍ਰਦਰਸਨ ਕਰਦਿਆ ਧਰਨਾ ਦਿੱਤਾ ਗਿਆ।ਸਮੂਹ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਹਸਪਤਾਲ ਦੇ ਐੱਸ.ਐੱਮ.ਓ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ। ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸਰਕਾਰ ਵੈਕਸੀਨ ਕੈਂਪ ਲਗਾਉਣ ਵਿੱਚ ਵੀ ਪੱਖਪਾਤ ਕਰ ਰਹੀ ਹੈ। ਉਨਾਂ ਕਿਹਾ ਕਿ ਪਹਿਲਾ ਹਸਪਤਾਲ ਦੇ ਐੱਸ.ਐੱਮ.ਓ ਲਹਿੰਬਰ ਰਾਮ ਵੱਲੋਂ ਭਾਜਪਾ ਦੇ ਸਾਬਕਾ ਕੌਸਲਰ ਨਰੇਸ਼ ਕੋਟਰਾਣੀ ਨੂੰ ਉਨਾਂ ਦੇ ਵਾਰਡ ਵਿੱਚ ਕੈਂਪ ਲਗਾਉਣ ਦੀ ਇਜਾਜਤ ਦੇ ਦਿੱਤੀ ਗਈ ਸੀ, ਪਰ ਸਵੇਰੇ ਸਮੇਂ ਉਨਾਂ ਨੂੰ ਸਾਫ ਮਨ੍ਹਾ ਕਰ ਦਿੱਤਾ ਗਿਆ। ਖੋਸਲਾ ਨੇ ਕਿਹਾ ਕਿ ਸਰਕਾਰ ਆਪਣੇ ਹੀ ਚਹੇਤਿਆ ਨੂੰ ਘਰਾਂ ਵਿੱਚ ਕੈਂਪ ਲਗਾਉਣ ਦੀ ਇਜਾਜ਼ਤ ਦੇ ਰਹੀ ਹੈ ਜਦ ਕਿ ਬਾਕੀਆ ਨਾਲ ਪੱਖਪਾਤ ਕਰ ਰਹੀ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਇਸ ਦੀ ਇਨਕੁਆਰੀ ਕਰਕੇ ਸਾਰੀ ਰਿਪੋਰਟ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਦਿੱਤੀ ਜਾਵੇਗੀ।ਓਧਰ ਸਿਵਲ ਹਸਪਤਾਲ ਫਗਵਾੜਾ ਦੇ ਐੱਸ.ਐੱਮ.ਓ ਡਾ. ਲਹਿੰਬਰ ਰਾਮ ਨੇ ਕਿਹਾ ਕਿ ਜੋ ਦੋਸ਼ ਉਨਾਂ ਉਪਰ ਲਗਾਏ ਜਾ ਰਹੇ ਹਨ ਉਨਾਂ ਵਿੱਚ ਕੋਈ ਵੀ ਸਚਾਈ ਨਹੀ ਹੈ। ਉਨਾਂ ਕਿਹਾ ਕਿ ਜਿਨ੍ਹਾਂ ਮੁਹੱਲਿਆ ਵਿੱਚ ਕੈਂਪ ਦੀ ਜਰੂਰਤ ਹੈ ਉਨਾਂ ਮੁਹੱਲਿਆ ਵਿੱਚ ਹੀ ਕੈਂਪ ਲਗਾਏ ਜਾ ਰਹੇ ਹਨ ਜਦ ਕਿ ਸਰਕਾਰ ਵੱਲੋਂ ਵੈਕਸੀਨ ਵੀ ਪੂਰੀ ਭੇਜੀ ਜਾ ਰਹੀ ਹੈ ਤੇ ਰੋਜ਼ਾਨਾ ਹੀ 1500 ਤੋਂ 1600 ਲੋਕਾਂ ਦੇ ਵੈਕਸੀਨ ਲੱਗ ਰਹੀ ਹੈ।