ਹੁਸ਼ਿਆਰਪੁਰ, 14 ਸਤੰਬਰ – ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਗਠਜੋੜ ਦੀ ਪਲੇਠੀ ਰੈਲੀ ਸ਼ੁਸ਼ੀਲ ਕੁਮਾਰ ਸ਼ਰਮਾ ਉਰਫ ਪਿੰਕੀ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸੰਬੋਧਨ ਕਰਦਿਆ ਕਿਹਾ ਕਿ ਬਸਪਾ ਵੱਲੋਂ ਵਿਧਾਨ ਸਭਾ ਹਲਕਾ ਦਸੂਹਾ ਤੋਂ ਜਲਦ ਹੀ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਬਸਪਾ ਦੀ ਸਿਆਸੀ ਤਾਕਤ ‘ਚ ਉਸ ਸਮੇਂ ਹੋਰ ਇਜਾਫਾ ਹੋ ਗਿਆ ਜਦੋਂ ਸੀਨੀਅਰ ਭਾਜਪਾ ਆਗੂ ਸੁਸ਼ੀਲ ਕੁਮਾਰ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਕਹਿ ਕੇ ਬਸਪਾ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਜਸਵੀਰ ਸਿੰਘ ਗੜੀ ਨੇ ਸਿਰੋਪਾ ਪਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ। ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸ਼ੁਸ਼ੀਲ ਸ਼ਰਮਾ ਇੱਕ ਮਿਹਨਤੀ ਤੇ ਇਮਾਨਦਾਰ ਵਿਅਕਤੀ ਹਨ ਤੇ ਹਲਕੇ ਵਿੱਚ ਉਨ੍ਹਾਂ ਦੀ ਵਧੀਆ ਛਵੀ ਅਤੇ ਪਕੜ ਮਜ਼ਬੂਤ ਹੈ। ਬਸਪਾ ਵਿੱਚ ਉਨ੍ਹਾਂ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ ਅਤੇ ਬਣਦਾ ਹੱਕ ਵੀ ਦਿੱਤਾ ਜਾਵੇਗਾ। ਇਸ ਮੌਕੇ ਸ਼ੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਇਸ ਕਰਕੇ ਛੱਡ ਆਏ ਹਨ ਕਿ ਉਸ ਪਾਰਟੀ ਨੇ ਕਿਸਾਨਾਂ ਨੂੰ ਸੜਕਾਂ ‘ਤੇ ਰੋਲ ਕੇ ਰੱਖ ਦਿੱਤਾ ਹੈ ਅਤੇ ਅਸੀਂ ਕਿਸਾਨ ਹਿਤੈਸ਼ੀ ਹਾਂ।