ਪਾਂਸ਼ਟਾ, 18 ਸਤੰਬਰ (ਰਜਿੰਦਰ) – ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਕਿਸਾਨ ਆਗੂਆਂ ਵੱਲੋਂ ਵੱਖ ਵੱਖ ਪਿੰਡਾਂ ‘ਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਕਿਸਾਨ ਆਗੂ ਹਰਭਜਨ ਸਿੰਘ ਬਾਜਵਾ ਵੱਲੋਂ ਪਿੰਡ ਨਰੂੜ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਨੌਜਵਾਨ ਕਿਸਾਨਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ।ਮੀਟਿੰਗ ਨੂੰ ਸੰਬੋਧਨ ਕਰਦਿਆ ਹਰਭਜਨ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਚੱਲਦਿਆ 10 ਮਹੀਨੇ ਹੋ ਚੁੱਕੇ ਹਨ ਤੇ ਅਸੀਂ ਜਿੱਤ ਦੇ ਬਿਲਕੁਲ ਨਜ਼ਦੀਕ ਹਾਂ। ਕਿਸਾਨ ਅੰਦੋਲਨ ਨੂੰ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਝੋਨਾ ਹੁਣ ਪੱਕਣ ਦੇ ਲਾਗੇ ਹੈ ਤੇ ਕਿਸਾਨ 15 ਦਿਨ ਵਿਹਲੇ ਹਨ ਇਸ ਲਈ ਉਹ ਦਿੱਲੀ ਜਾ ਕੇ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ। ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ‘ਤੇ ਬੋਲਦਿਆ ਹਰਭਜਨ ਸਿੰਘ ਬਾਜਵਾ ਨੇ ਦੀਪ ਸਿੱਧੂ ਨੂੰ ਲੰਮੇ ਹੱਥੀ ਲੈਂਦਿਆ ਕਿਹਾ ਕਿ ਦੀਪ ਸਿੱਧੂ ਨੂੰ ਬੋਲਣ ਲੱਗੇ ਸੋਚ ਲੈਣਾ ਚਾਹੀਦਾ ਹੈ ਤੇ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਉਸ ਨੂੰ ਵੀ ਪਤਾ ਲੱਗ ਜਾਵੇਗਾ ਕਿ ਸ਼ਹੀਦ ਕਿਸ ਨੂੰ ਕਹਿੰਦੇ ਹਨ।ਜੰਗ ਵਿਚ ਜਵਾਨ ਸ਼ਹੀਦ ਹੀ ਹੁੰਦੇ ਹਨ, ਜਿਹੜਾ ਘਰ ਅੰਦਰ ਮੰਜੇ ‘ਤੇ ਪਿਆ ਪ੍ਰਾਣ ਤਿਆਗ ਦੇਵੇ ਉਸ ਨੂੰ ਸ਼ਹੀਦ ਨਹੀਂ ਗਿਣਿਆ ਜਾਂਦਾ। ਜਿਹੜਾ ਕਿਸਾਨ ਅੰਦੋਲਨ ‘ਚ ਆਪਣੀ ਜਾਨ ਗੁਆ ਦੇਵੇ ਉਸ ਨੂੰ ਸ਼ਹੀਦ ਹੀ ਗਿਣਿਆ ਜਾਵੇਗਾ। ਇਸ ਦੇ ਨਾਲ ਹੀ ਹਰਭਜਨ ਸਿੰਘ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ 6 ਮਹੀਨੇ ਰਹਿ ਗਏ ਹਨ, ਇਸ ਲਈ ਸਿਆਸੀ ਪਾਰਟੀਆਂ ਕਈ ਕੁਛ ਕਰ ਰਹੀਆ ਹਨ।ਮੀਟਿੰਗ ਦੌਰਾਨ ਭਾਰਤੀ ਕਿਸਾਨ ਯੁਨੀਅਨ ਦੋਆਬਾ ਸਰਕਲ ਨਰੂੜ ਦੇ ਪ੍ਰਧਾਨ ਜਸਵਿੰਦਰ ਸਿੰਘ, ਪੰਚ ਇਮਿੰਦਰ ਸਿੰਘ, ਈਸ਼ਰ ਸਿੰਘ, ਇੰਦਰਜੀਤ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।