ਫਿਲੌਰ, 21 ਸਤੰਬਰ – ਫਿਲੌਰ ਵਿਖੇ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਉਕਤ ਘਟਨਾ ਸੋਮਵਾਰ ਰਾਤ ਦੀ ਹੈ ਤੇ ਸ਼ਰਾਰਤੀ ਅਨਸਰ ਵੱਲੋ ਬਾਬਾ ਸਾਹਿਬ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਦੇ ਹੋਏ ਸ਼ੀਸ਼ਿਆ ਦੀ ਭੰਨ ਤੋੜ ਕੀਤੀ ਗਈ, ਜਦ ਕਿ ਬੁੱਤ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ ਕੀਤੀ ਗਈ। ਉਕਤ ਵਾਰਦਾਤ ਸਬੰਧੀ ਜਦੋਂ ਵੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਹ ਸਵੇਰ ਹੁੰਦੇ ਸਾਰ ਹੀ ਵੱਡੀ ਗਿਣਤੀ ਵਿੱਚ ਮੋਕੇ ਤੇ ਇਕੱਤਰ ਹੋਣੀਆ ਸ਼ੁਰੂ ਹੋ ਗਈਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਭੋਸਲੇ ਨੇ ਕਿਹਾ ਕਿ ਸੋਮਵਾਰ ਦੀ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ ਕੀਤੀ ਗਈ ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ। ਉਨਾਂ ਕਿਹਾ ਕਿ ਇਸ ਤੋਂ ਬਾਅਦ ਮੰਗਲਵਾਰ ਨੂੰ ਵੀ ਮੁੜ ਤੋਂ ਉਹੀ ਵਿਅਕਤੀ ਲਿਫਟ ਲੈ ਕੇ ਦੁਬਾਰਾ ਨੁਕਸਾਨ ਪਹੁੰਚਾਉਣ ਲਈ ਉਥੇ ਆ ਗਿਆ। ਜਿਸ ਨੂੰ ਕਾਬੂ ਕਰਕੇ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ।ਉਧਰ ਹਲਕਾ ਫਿਲੋਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਇਸ ਘਟਨਾਂ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਆਪਸੀ ਭਾਈਚਾਰਾ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ‘ਤੇ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਇਲਾਕੇ ਦਾ ਮਾਹੋਲ ਖਰਾਬ ਨਾ ਹੋਵੇ।ਇਸ ਮਾਮਲੇ ਸਬੰਧੀ ਡੀ.ਐੱਸ.ਪੀ ਹਰਲੀਨ ਸਿੰਘ ਨੇ ਕਿਹਾ ਕਿ ਉਨਾਂ ਨੂੰ ਸ਼ਿਕਾਇਤ ਮਿਲ ਗਈ ਹੈ ਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।