ਸ਼ਿਮਲਾ, 23 ਸਤੰਬਰ – ਹਿਮਾਚਲ ਪ੍ਰਦੇਸ਼ ਵਿਖੇ ਉਸ ਸਮੇਂ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ, ਜਦੋਂ ਵਿਸ਼ਵ ਵਿਰਾਸਤ ਕਾਲਕਾ-ਸ਼ਿਮਲਾ ਰੇਲਵੇ ਲਾਈਨ ‘ਤੇ ਬੜੋਗ ਰੇਲਵੇ ਸਟੇਸ਼ਨ ਨਜ਼ਦੀਕ ਕਾਲਕਾ-ਸ਼ਿਮਲਾ ਰੇਲ ਕਾਰ ਪਟੜੀ ਤੋਂ ਉਤਰ ਗਈ। ਕੁਮਾਰਹੱਟੀ ਤੋਂ ਸ਼ਿਮਲਾ ਲਈ ਜਾ ਰਹੀ ਇਹ ਨੈਰੋਗੇਜ ਰੇਲ ਕਾਰ ਸਵੇਰੇ 7.45 ਵਜੇ ਰਵਾਨਾ ਹੋਈ ਸੀ, ਜੋ ਕਿ ਰਸਤੇ ਵਿਚ ਪਟੜੀ ਤੋਂ ਉਤਰ ਗਈ। 15 ਸੀਟਾਂ ਵਾਲੀ ਇਸ ਨੈਰੋਗੇਜ ਰੇਲ ਕਾਰ ਵਿਚ 9 ਯਾਤਰੀ ਸਵਾਰ ਸਨ, ਜੋ ਕਿ ਸੁਰੱਖਿਅਤ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਬਦਲਵੇਂ ਪ੍ਰਬੰਧ ਰਾਹੀ ਸ਼ਿਮਲਾ ਪਹੁੰਚਾਇਆ ਗਿਆ। ਇਹ ਨੈਰੋਗੇਜ ਰੇਲ ਕਾਰ ਹਰ ਰੋਜ਼ 5.45 ‘ਤੇ ਕਾਲਕਾ ਤੋਂ ਸ਼ਿਮਲਾ ਲਈ ਰਵਾਨਾ ਹੁੰਦੀ ਹੈ। ਸੈਲਾਨੀ ਅਤੇ ਸਥਾਨਲ ਲੋਕ ਇਸ ਰੇਲ ਕਾਰ ਨੂੰ ਸ਼ਿਮਲਾ ਤੇ ਹੋਰ ਸਟੇਸ਼ਨਾਂ ‘ਤੇ ਜਾਣ ਲਈ ਵਰਤਦੇ ਹਨ।