ਫਗਵਾੜਾ, 24 ਸਤੰਬਰ – (ਰਜਿੰਦਰ) ਪੰਜਾਬ ਭਰ ਵਿਚ ਹੋਈ ਭਾਰੀ ਬਰਸਾਤ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ ਕਿਉਕਿ ਉਨ੍ਹਾਂ ਦੀਆਂ ਫਸਲਾਂ ਪਾਣੀ ਵਿਚ ਡੁੱਬ ਗਈਆਂ ਹਨ।ਜੇ ਗੱਲ ਕਰੀਏ ਤਹਿਸੀਲ ਫਗਵਾੜਾ ਦੇ ਪਿੰਡ ਨਸੀਰਾਬਾਦ ਦੀ ਤਾਂ ਇੱਥੇ ਵੀ ਕਿਸਾਨਾਂ ਦੀਆਂ ਫਸਲਾਂ ਤੇ ਸਬਜ਼ੀਆਂ ਭਾਰੀ ਬਰਸਾਤ ਦੇ ਚੱਲਦਿਆ ਨੁਕਸਾਨੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਰੀ ਬਰਸਾਤ ਕਾਰਨ ਪਿੰਡ ਦੇ ਨਾਲੋਂ ਲੰਘਦੇ ਮਹਿਲਾਂਵਾਲੀ ਚੋਅ ਦੇ ਬੰਨ੍ਹ ‘ਤੇ ਵੀ 2 ਥਾਵਾਂ ‘ਤੇ 15-15 ਫੁੱਟ ਡੂੰਘੇ ਪਾੜ ਗਏ ਹਨ, ਜਿਨ੍ਹਾਂ ਨੂੰ ਦੇਖਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਵੱਲੋਂ ਮਨਰੇਗਾ ਸਕੀਮ ਅਧੀਨ ਵੱਖ ਵੱਖ ਪਿੰਡਾਂ ਦੇ ਮਜ਼ਦੂਰਾਂ ਤੋਂ ਮਿੱਟੀ ਪੁਆਈ ਜਾ ਰਹੀ ਹੈ। ਇਸ ਸਬੰਧੀ ਅਵਤਾਰ ਸਿੰਘ ਨੇ ਦੱਸਿਆ ਕਿ ਹਰ ਸਾਲ ਮੀਂਹ ਦੇ ਪਾਣੀ ਨਾਲ ਬੰਨ੍ਹ ਟੁੱਟ ਜਾਂਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ। ਜੇ ਪਿਛਿਓ ਡਰੇਨ ਵਿਚ ਪਾਣੀ ਜ਼ਿਆਦਾ ਆ ਜਾਵੇ ਤਾਂ ਫਿਰ ਕੀ ਹੋਵੇਗਾ? ਅਵਤਾਰ ਸਿੰਘ ਅਨੁਸਾਰ ਇੱਕ ਸਾਲ ਪਹਿਲਾਂ ਉਹ ਡਰੇਨ ਵਿਭਾਗ ਦੇ ਐਕਸੀਅਨ ਹੁਸ਼ਿਆਰਪੁਰ ਨੂੰ ਇਸ ਬਾਰੇ ਲਿਖਤੀ ਰੂਪ ਵਿਚ ਦਰਖਾਸਤ ਦੇ ਚੁੱਕੇ ਹਨ ਪਰੰਤੂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੇ ਡਰੇਨ ਵਿਭਾਗ ਪਾਸੋਂ ਮੰਗ ਕੀਤੀ ਕਿ ਪਾਈਪਾਂ ਲਗਾ ਕੇ ਚੋਅ ਦੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਬੰਨ੍ਹ ਵਾਰ ਵਾਰ ਨਾ ਟੁੱਟੇ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ।