ਪਾਂਸ਼ਟਾ, 24 ਸਤੰਬਰ (ਰਜਿੰਦਰ) – ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਐਮ.ਓ ਪਾਂਛਟ ਦੀ ਯੋਗ ਅਗਵਾਈ ਵਿੱਚ ਸੀ.ਐਚ.ਸੀ ਪਾਂਛਟ ਵਿਖੇ ਘਰ ਅਧਾਰਤ ਯੰਗ ਚਾਈਲਡ ਕੇਅਰ ਪ੍ਰੋਗਰਾਮ ਛੋਟੇ ਬੱਚਿਆਂ ਦੀ ਬਿਹਤਰ ਦੇਖਭਾਲ ਲਈ ਚਲਾਇਆ ਜਾ ਰਿਹਾ ਹੈ।ਇਸ ਦੇ ਤਹਿਤ ਆਸ਼ਾ ਵਰਕਰਾਂ ਦੀ 5 ਦਿਨ੍ਹਾਂ ਟ੍ਰੇਨਿੰਗ ਸ਼ੁਰੂ ਹੈ। ਇਸ ਸਬੰਧ ਵਿੱਚ ਸੀ.ਐਚ.ਸੀ ਪਾਂਛਟ ਵਿਖੇ ਆਸ਼ਾ ਵਰਕਰਾਂ ਦੀ ਪੰਜ ਦਿਨਾਂ ਰਿਹਾਇਸ਼ੀ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੂੰ 6 ਮਹੀਨਿਆਂ ਤੱਕ ਛਾਤੀ ਦਾ ਦੁੱਧ ਚੁੰਘਾਉਣ, ਪੂਰਕ ਭੋਜਨ, ਜ਼ਰੂਰੀ ਖਣਿਜ ਪਦਾਰਥਾਂ ਦੀ ਉਪਲਬਧਤਾ, ਪਰਿਵਾਰ ਨਿਯੋਜਨ ਅਤੇ ਸੰਪੂਰਨ ਟੀਕਾਕਰਨ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਬੀ ਈ ਈ ਪਾਂਛਟ ਸਤਨਾਮ ਸਿੰਘ ਨੇ ਦੱਸਿਆ ਕਿ HBYC ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਦਸ ਵਿੱਚੋਂ ਚਾਰ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਘੱਟ ਭਾਰ ਵਾਲੇ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਦਸ ਵਿੱਚੋਂ ਲਗਭਗ ਦੋ ਬੱਚਿਆਂ ਦੀ ਉਚਾਈ ਘੱਟ ਹੈ। ਇਸ ਦੇ ਨਾਲ ਹੀ, ਪੰਜ ਸਾਲ ਤੋਂ ਘੱਟ ਉਮਰ ਦੇ ਦਸ ਵਿੱਚੋਂ ਚਾਰ ਬੱਚੇ ਉਮਰ ਦੇ ਅਨੁਸਾਰ ਨਹੀਂ ਵਧਦੇ ਅਤੇ ਇਸ ਸਭ ਦਾ ਕਾਰਨ ਕੁਪੋਸ਼ਣ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟੇ ਬੱਚਿਆਂ ਦੀ ਬਿਹਤਰ ਦੇਖਭਾਲ ਲਈ HBYCਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਸ਼ਾ ਛੋਟੇ ਬੱਚਿਆਂ ਦੀ ਘਰ ਅਧਾਰਤ ਦੇਖਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹ ਘਰ-ਘਰ ਜਾ ਕੇ ਪੋਸ਼ਣ ਸੰਬੰਧੀ ਜਾਣਕਾਰੀ, ਛਾਤੀ ਦਾ ਦੁੱਧ ਚੁੰਘਾਉਣ ਦੀ ਮਹੱਤਤਾ, ਜ਼ਿਆਦਾ ਖਾਣਾ ਅਤੇ ਭੋਜਨ ਵਿੱਚ ਜ਼ਰੂਰੀ ਖਣਿਜਾਂ ਦੀ ਉਪਲਬਧਤਾ ਬਾਰੇ ਤਕਨੀਕੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਦੇ ਲਈ ਉਹਨਾਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਰੱਖਣਾ ਵੀ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।