ਚੰਡੀਗੜ੍ਹ, 29 ਸਤੰਬਰ – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਲਈ ਚੰਡੀਗੜ੍ਹ ਪਹੁੰਚੇ। ਏਅਰਪੋਰਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਨੇ ਸਰਕਾਰ ਨੇ ਤਮਾਸ਼ਾ ਬਣਾ ਦਿੱਤਾ ਹੈ ਤੇ ਪੰਜਾਬ ‘ਚ ਸਿਆਸੀ ਅਸਥਿਰਤਾ ਦਾ ਮਾਹੌਲ ਮੰਦਭਾਗਾ ਹੈ। ਸੱਤਾ ਦੀ ਗੰਦੀ ਲੜਾਈ ਚੱਲ ਰਹੀ ਹੈ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀ ਸਮੱਸਿਆ ਕਿਸੇ ਕੋਲ ਲੈ ਕੇ ਜਾਣ। ਉਨ੍ਹਾਂ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ‘ਤੇ ਮੁਬਾਰਕਬਾਦ ਦਿੰਦਿਆ ਚਰਨਜੀਤ ਚੰਨੀ ਪਾਸੋਂ ਦਾਗੀ ਮੰਤਰੀਆਂ, ਅਫਸਰਾਂ ਨੂੰ ਹਟਾਉਣ ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ।ਕੇਜਰੀਵਾਲ ਅਨੁਸਾਰ ਬਰਗਾੜੀ ਕਾਂਡ ਤੋਂ ਪੰਜਾਬ ਦੀ ਜਨਤਾ ਨਾਰਾਜ਼ ਹੈ ਤੇ ਬਰਗਾੜੀ ਕਾਂਡ ਦਾ ਮਾਸਟਰਮਾਇੰਡ ਅਜੇ ਤੱਕ ਸਾਹਮਣੇ ਨਹੀਂ ਲਿਆਂਦਾ ਗਿਆ ਹੈ, ਇਸ ਲਈ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਚਰਨਜੀਤ ਚੰਨੀ ਜਲਦ ਤੋਂ ਜਲਦ ਸਜ਼ਾ ਦੇਣ। ਇਸ ਦੇ ਨਾਲ ਹੀ ਉਨ੍ਹਾਂ ਚਰਨਜੀਤ ਚੰਨੀ ਪਾਸੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਵੀ ਮੰਗ ਕੀਤੀ।