ਫਗਵਾੜਾ, 6 ਅਕਤੂਬਰ (ਐੱਚ.ੈੱਸ.ਰਾਣਾ) – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕੇਂਦਰੀ ਰਾਜ ਮੰਤਰੀ ਦੇ ਬੇਟੇ ਵੱਲੋਂ ਕੁਚਲੇ ਜਾਣ ‘ਤੇ 4 ਕਿਸਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਫਗਵਾੜਾ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਪਾਰਟੀ ਦੇ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਵਿਚ ਇਹ ਕੈਂਡਲ ਮਾਰਚ ਗਾਂਧੀ ਚੌਂਕ ਤੋਂ ਸ਼ੁਰੂ ਹੋਇਆ ਜੋ ਕਿ ਸ਼ਹਿਰ ਦੇ ਹੋਰ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਿਸ ਗਾਂਧੀ ਚੌਂਕ ਸਮਾਪਤ ਹੋਇਆ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਜਿਸ ਕੇਂਦਰੀ ਰਾਜ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਕੁਚਲਿਆ ਹੈ ਉਸ ਕੇਂਦਰੀ ਰਾਜ ਮੰਤਰੀ ਨੇ ਬੀਤੀ 26 ਸਤੰਬਰ ਨੂੰ ਬਿਆਨ ਦਿੱਤਾ ਸੀ ਕਿ ਅਸੀ ਇਨ੍ਹਾਂ ਕਿਸਾਨਾਂ ਨੂੰ ਅਕਲ ਦੇਵਾਂਗੇ ਕਿ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਨਾਲ ਮੱਥਾ ਕਿਵੇਂ ਲਾਇਆ ਜਾਂਦਾ ਹੈ ਜੋ ਕਿ ਅਸਿੱਧੇ ਤੌਰ ‘ਤੇ ਧਮਕੀ ਸੀ।ਕਿਸਾਨਾਂ ਨੇ ਗੁੱਸੇ ਵਿਚ ਆ ਕੇ ਇਨ੍ਹਾਂ ਦਾ ਵਿਰੋਧ ਕੀਤਾ ਸੀ ਤੇ ਆਰਾਮ ਨਾਲ ਜਾ ਰਹੇ ਕਿਸਾਨਾਂ ਨੂੰ ਗੱਡੀ ਨਾਲ ਕੁਚਲ ਦਿੱਤਾ ਗਿਆ।ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹੁਣ ਲਖੀਮਪੁਰ ਖੀਰੀ ਜਾਣ ਨਹੀਂ ਦਿੱਤਾ ਜਾ ਰਿਹਾ ਜੋ ਕਿ ਯੂ.ਪੀ ‘ਚ ਤਾਨਾਸ਼ਾਹੀ ਦੀ ਮਿਸਾਲ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਰਾਜ ਮੰਤਰੀ ਦੇ ਬੇਟੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।