ਨਵੀਂ ਦਿੱਲੀ, 9 ਅਕਤੂਬਰ – ਸੰਯੁਕਤ ਕਿਸਾਨ ਮੋਰਚਾ ਵੱਲੋਂ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਪ੍ਰੈੱਸ ਵਾਰਤਾ ਕੀਤੀ ਗਈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ 3 ਅਕਤੂਬਰ ਨੂੰ ਕੇਂਦਰੀ ਰਾਜ ਮੰਤਰੀ ਦੇ ਬੇਟੇ ਨੇ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਉੱਪਰ ਕਾਰ ਚੜਾ ਦਿੱਤੀ। ਇਹ ਕਿਸਾਨਾਂ ਉੱਪਰ terror ਹਮਲਾ ਹੈ ਤੇ ਕਿਸਾਨਾਂ ਅੰਦਰ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਕਿਸਾਨ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਡੇ ਐਲਾਨ ਕਰਦਿਆ ਕਿਹਾ ਕਿ 12 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦਾ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾਵੇਗਾ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 12 ਨਵੰਬਰ ਨੂੰ ਲਖੀਮਪੁਰ ਖੀਰੀ ਤੋਂ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਹਰ ਸੂਬੇ ਲਈ ਸ਼ਹੀਦ ਕਿਸਾਨ ਕਲਸ਼ ਯਾਤਰਾ ਕੱਢੀ ਜਾਵੇਗੀ ਜਦਕਿ 15 ਅਕਤੂਬਰ ਨੂੰ ਦੁਸਹਿਰੇ ‘ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਪੁਤਲੇ ਫੂਕੇ ਜਾਣਗੇ।ਇਸੇ ਤਰਾਂ 18 ਅਕਤੂਬਰ ਨੂੰ ਰੇਲ ਰੋੋਕ ਅੰਦੋਲਨ ਕੀਤਾ ਜਾਵੇਗਾ ਤੇ 26 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਇਤਿਹਾਸਿਕ ਮਹਾਂਪੰਚਾਇਤ ਕੀਤੀ ਜਾਵੇਗੀ।