ਭਾਜਪਾ ਦੇ ਹਿਟਲਰਸ਼ਾਹੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਬਸਪਾ: ਜਸਵੀਰ ਸਿੰਘ ਗੜ੍ਹੀ

ਜਲੰਧਰ/ਚੰਡੀਗੜ੍ਹ, 15 ਅਕਤੂਬਰ:- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਸਭ ਤੋਂ ਪਹਿਲਾਂ ਸਮੂਹ ਪੰਜਾਬੀਆਂ ਅਤੇ ਦੇਸ਼ਵਾਸੀਆਂ ਨੂੰ ਵਿਜੈ ਦਸ਼ਮੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਦੇਸ਼ ਤੇ ਸੂਬੇ ਵਿੱਚ ਜੋ ਬੁਰਾਈ ਵਾਲੀਆਂ ਤਾਕਤਾਂ ਹਨ ਉਨ੍ਹਾਂ ਨੂੰ ਹਰਾਕੇ ਸੱਚ ਦਾ ਸਾਥ ਦੇਣ ਵਾਲਿਆਂ ਦਾ ਸਾਥ ਦੇਵਾਂਗੇ। ਸ. ਗੜ੍ਹੀ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ, ਅਸਾਮ ਅਤੇ ਪੱਛਮੀ ਬੰਗਾਲ ਦੀਆਂ ਸਰਹੱਦਾਂ ਦਾ ਦਾਇਰਾ 50-50 ਕਿਲੋਮੀਟਰ ਕਰਕੇ ਬੀ.ਐਸ.ਐਫ ਹਵਾਲੇ ਕੀਤੇ ਜਾਣ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਸਨੂੰ ਲੋਕ ਬੁਰੀ ਤਰ੍ਹਾਂ ਨਾਲ ਨਕਾਰ ਰਹੇ ਹਨ, ਹੁਣ ਧੱਕੇ ਦੇ ਨਾਲ ਦੇਸ਼ ਦੇ ਸਰਹੱਦੀ ਸੂਬਿਆਂ ਤੇ ਕਬਜ਼ਾ ਕਰਨ ਦੀ ਨੀਤੀ ਤੇ ਆ ਗਈ ਹੈ ਅਤੇ ਉਸੇ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਬੀ.ਐਸ.ਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ ਦੇਸ਼ ਦੇ ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਜੋਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ ਜਦਕਿ ਲੱਦਾਖ ਦਾ ਕੁੱਝ ਹਿੱਸਾ ਚੀਨ ਅਤੇ ਅਫਗਾਨਿਸਤਾਨ ਨਾਲ ਜਾ ਲੱਗਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉਤਰਾਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਚੀਨ ਦੇ ਨਾਲ ਲੱਗਦੇ ਹਨ ਅਤੇ ਉਤਰਾਖੰਡ, ਉਤਰਪ੍ਰਦੇਸ਼, ਬਿਹਾਰ, ਸਿੱਕਿਮ ਤੇ ਪੱਛਮੀ ਬੰਗਾਲ ਨੇਪਾਲ ਦੇ ਨਾਲ ਜਦਕਿ ਸਿੱਕਮ, ਪੱਛਮੀ ਬੰਗਾਲ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਭੂਟਾਨ ਦੇ ਨਾਲ ਵੀ ਲੱਗਦੇ ਹਨ ਅਤੇ ਅਰੁਣਾਚਲ ਪ੍ਰਦੇਸ਼, ਮਣੀਪੁਰ, ਨਾਗਾਲੈਂਡ ਤੇ ਮਿਜ਼ੋਰਮ ਦੀ ਸਰਹੱਦਾਂ ਮਿਆਂਮਾਰ ਦੇ ਨਾਲ ਲੱਗਦੀਆਂ ਹਨ ਅਤੇ ਮਣੀਪੁਰ, ਮੇਘਾਲਿਆ, ਪੱਛਮੀ ਬੰਗਾਲ, ਅਸਾਮ ਤੇ ਤ੍ਰਿਪੁਰਾ ਵਰਗੇ ਸੂਬੇ ਬੰਗਲਾਦੇਸ਼ ਦੇ ਨਾਲ ਲੱਗਦੇ ਹਨ। ਇਨ੍ਹਾਂ ਸਾਰੇ 15 ਤੋਂ ਜਿਆਦਾ ਸੂਬਿਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਿਵੇਂ ਹੁਣ 15 ਕਿਲੋਮੀਟਰ ਤੋਂ 50-50 ਕਿਲੋਮੀਟਰ ਤੱਕ ਦਾ ਦਾਇਰਾ ਵਧਾਕੇ ਫੌਜ ਨੂੰ ਸਾਰੀਆਂ ਸ਼ਕਤੀਆਂ ਦੇ ਕੇ ਆਪਣਾ ਏਕਾਧਿਕਾਰ ਜਮਾਉਣ ਦੀ ਕੋਸ਼ਿਸ਼ ਕੀਤੀ ਗਈ, ਹੌਲੀ-ਹੌਲੀ ਇਹ 200/500 ਕਿਲੋਮੀਟਰ ਤੱਕ ਵਧਾ ਕੇ ਦੇਸ਼ ਦੇ ਇਹਨਾਂ ਸਰਹੱਦੀ ਇਲਾਕਿਆਂ ਤੇ ਕੇਂਦਰ ਸਰਕਾਰ ਆਪਣਾ ਕਬਜ਼ਾ ਕਰ ਲਵੇਗੀ ਜੋਕਿ ਸੂਬਿਆਂ ਦੀਆਂ ਸਵਿਧਾਨਕ ਤਾਕਤਾਂ ਤੇ ਇਹ ਸਿੱਧੇ ਤੌਰ ਤੇ ਹਮਲਾ ਹੈ। ਸ. ਗੜ੍ਹੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਿਟਲਰਸ਼ਾਹੀ ਨੀਤੀਆਂ ਤੇ ਚੱਲ ਰਹੀ ਹੈ ਅਤੇ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰ ਖਤਮ ਕਰ ਰਹੀ ਹੈ, ਜਿਸਦੀ ਤਾਜ਼ਾ ਉਦਾਹਰਣ ਪੰਜਾਬ ਹੈ ਜਿੱਥੇ ਸੂਬੇ ਦੇ ਮੁੱਖ ਮੰਤਰੀ ਨੂੰ ਡੀ.ਜੀ.ਪੀ, ਐਡਵੋਕੇਟ ਜਨਰਲ ਅਤੇ ਚੀਫ ਸੈਕਰੇਟ੍ਰੀ ਤੱਕ ਲਾਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੇ ਅਧਿਕਾਰ ਖਤਮ ਕਰਨ ਦੀ ਨੀਤੀ ਦੇ ਤਹਿਤ ਹੀ ਇਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਅਤੇ ਤਾਜ਼ਾ ਮਾਮਲਾ ਦਾਇਰਾ ਵਧਾਉਣ ਦਾ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਫੌਜਾਂ ਦਾ ਦਾਇਰਾ ਵਧਾਉਣ ਦਾ ਮਕਸਦ ਸਵਿਧਾਨ ਦੇ ਮੂਲ ਢਾਂਚੇ ਨਾਲ ਛੇੜਛਾੜ ਤੇ ਅਣਐਲਾਨੀ ਐਮਰਜੈਂਸੀ ਹੈ ਅਤੇ ਭਾਜਪਾ ਸਾਰਾ ਦੇਸ਼ ਫੌਜਾਂ ਦੇ ਹਵਾਲੇ ਕਰਕੇ ਹਿਟਲਰਸ਼ਾਹੀ ਲਿਆਉਣਾ ਚਾਹੁੰਦੀ ਹੈ ਅਤੇ ਇਹ ਸਭ ਭਾਜਪਾ ਦੀ ਉਸ ਕੱਟੜਪੰਥੀ ਨੀਤੀ ਦਾ ਹਿੱਸਾ ਹੈ ਜਿਹੜੀ ਨਾਗਪੁਰ ਤੋਂ ਚੱਲਦੀ ਹੈ। ਸ. ਜਸਵੀਰ ਸਿੰਘ ਗੜ੍ਹੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਿਸੇ ਵੀ ਕੀਮਤ ਤੇ ਲੋਕਤੰਤਰੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੇ ਭਾਜਪਾ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ।

Leave a Reply

Your email address will not be published. Required fields are marked *