ਚੰਡੀਗੜ੍ਹ, 18 ਅਕਤੂਬਰ – ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕੈਬਿਨਿਟ ਦੀ ਮੀਟਿੰਗ ਤੋਂ ਬਾਅਦ ਪੱਤਰਕਾਰ ਵਾਰਤਾ ਦੌਰਾਨ ਕੁੱਝ ਅਹਿਮ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦਾ 700 ਕਰੋੜ ਰੁਪਏ ਬਕਾਇਆ ਪਾਣੀ ਦੇ ਬਿੱਲ ਮਾਫ ਕੀਤੇ ਜਾਣਗੇ ਤੇ ਸ਼ਹਿਰਾਂ ‘ਚ ਵਾਟਰ ਵਰਕਸ ਦਾ ਬਿੱਲ ਹੁਣ ਕਮੇਟੀ ਭਰੇਗੀ।ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ‘ਚ ਪਾਣੀ ਦਾ ਬਿੱਲ ਹੁਣ 50 ਰੁਪਏ ਫਿਕਸ ਕੀਤਾ ਗਿਆ ਹੈ ਜਦਕਿ ਪੰਚਾਇਤਾਂ ਦੇ 1168 ਕਰੋੜ ਰੁਪਏ ਬਿਜਲੀ ਦੇ ਬਕਾਇਆ ਬਿੱਲ ਵੀ ਮਾਫ ਕੀਤੇ ਜਾਣਗੇ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਭਰਤੀਆਂ ਹੁਣ ਰੈਗੂਲਰ ਹੋਣਗੀਆਂ ਤੇ ਹੁਣ ਠੇਕੇ ‘ਤੇ ਕੋਈ ਭਰਤੀ ਨਹੀਂ ਹੋਵੇਗਾ।ਚਰਨਜੀਤ ਚੰਨੀ ਅਨੁਸਾਰ ਪੰਜਾਬ ਦਾ ਖਜ਼ਾਨਾ ਨਾ ਖਾਲੀ ਸੀ ਤੇ ਨਾ ਹੀ ਹੋਣ ਦਿੱਤਾ ਜਾਵੇਗਾ।ਪੰਜਾਬ ‘ਚ ਬੀ.ਐੱਸ.ਐਫ ਦਾ ਅਧਿਕਾਰ ਖੇਤਰ ਵਧਾਉਣ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਫੈਸਲੇ ਖਿਲਾਫ ਹੈ ਤੇ ਇਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਇਸ ਨੂੰ ਲੈ ਕੇ ਸਰਵ ਪਾਰਟੀ ਮੀਟਿੰਗ ਬੁਲਾਈ ਜਾਵੇਗੀ ਤੇ ਲੋੜ ਪਈ ਤਾਂ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇਗਾ।ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਭੜਕਾਊ ਬਿਆਨਬਾਜ਼ੀ ਨਾ ਕਰਨ।