ਲੁਧਿਆਣਾ, 19 ਅਕਤੂਬਰ – ਲੁਧਿਆਣਾ ‘ਚ ਇਸ ਵਾਰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾਮਲਿਆਂ ਵਿਚ ਪਿਛਲੇ ਸਾਲ ਨਾਲ਼ੋਂ ਗਿਰਾਵਟ ਦਰਜ ਕੀਤੀ ਗਈ ਹੈ। ਪਿੰਡ ਸਿੰਗਪੁਰਾ ਦੇ ਸਰਪੰਚ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਅਸੀਂ ਝੋਨੇ ਦੀ ਪਰਾਲੀ ਨੂੰ ਨਹੀਂ ਸਾੜ ਰਹੇ। ਇਸ ਨੂੰ ਖਾਦ ਅਤੇ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ। ਪਿਛਲੇ ਸਾਲ ਵੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘੱਟ ਆਏ ਸਨ। ਓਧਰ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਅਤੇ ਸਮੂਹਿਕ ਯਤਨਾਂ ਸਦਕਾ ਪਰਾਲੀ ਨੂੰ ਸਾੜਨ ਦੇ ਮਾਮਲੇ ਘੱਟ ਹਨ।ਹੁਣ ਤੱਕ ਕਈ ਕਿਸਾਨ ਸਮੂਹਾਂ, ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਨੂੰ ਪਰਾਲੀ ਦੀ ਸਹੀ ਵਰਤੋਂ ਲਈ 4500 ਮਸ਼ੀਨਾਂ ਦਿੱਤੀਆਂ ਗਈਆਂ ਹਨ। ਅਸੀਂ ਅਲੱਗ ਅਲੱਗ ਮਾਧਿਅਮਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ।