ਜਲੰਧਰ, 19 ਅਕਤੂਬਰ – ਉਪਮੁੱਖ ਮੰਤਰੀ ਪੰਜਾਬ ਬਣਨ ਤੋਂ ਬਾਅਦ ਓ.ਪੀ ਸੋਨੀ ਪਹਿਲੀ ਵਾਰ ਜਲੰਧਰ ਪਹੁੰਚੇ। ਪ੍ਰਸ਼ਾਸਨ ਵੱਲੋਂ ਜਲੰਧਰ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਜਦਕਿ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਓ.ਪੀ ਸੋਨੀ ਨੇ ਕਿਹਾ ਕਿ ਉਪਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਜਲੰਧਰ ਵਿਖੇ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਆਏ ਹਨ। ਸਿੰਘੂ ਬਾਰਡਰ ‘ਤੇ ਹੋਏ ਕਤਲ ਦੇ ਮਾਮਲੇ ਵਿਚ ਭਾਜਪਾ ਨੇਤਾਵਾਂ ਦੀ ਨਿਹੰਗ ਸਿੰਘ ਨਾਲ ਫੋਟੋ ਵਾਇਰਲ ਹੋਣ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਜੋ ਅਸਲੀਅਤ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਖਜਾਨਾ ਭਰਿਆ ਹੋਇਆ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਪਾਣੀ ਦੇ ਬਿੱਲ ਮਾਫ ਕੀਤੇ ਗਏ ਹਨ ਜਦਕਿ 2 ਕਿੱਲੋਵਾਟ ਤੱਕ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦਿੱਲੀ ਦੇ ਬਾਰਡਰਾਂ ‘ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣ ਲਈ ਨਿਯੁਕਤੀ ਪੱਤਰ ਵੀ ਸੌਂਪੇ।