ਫਗਵਾੜਾ, 7 ਨਵੰਬਰ – ਫਗਵਾੜਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾ ਹੀ ਕਿਹਾ ਸੀ ਕਿ ਬੇਅਦਬੀ ਦਾ ਹੱਲ ਨਹੀਂ ਸਿਰਫ ਰਾਜਨੀਤੀ ਖੇਡ ਜਾਣੀ ਹੈ ਤੇ ਓਹੀ ਹੋ ਰਿਹਾ ਹੈ।ਕਾਂਗਰਸ ਨੇ ਬੇਅਦਬੀ ਅਤੇ ਡਰੱਗਜ਼ ਮਾਮਲਿਆਂ ‘ਤੇ ਸਾਢੇ ਚਾਰ ਸਾਲ ਰਾਜਨੀਤੀ ਕੀਤੀ ਹੈ ਤੇ ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਕੁੱਝ ਨਹੀਂ ਕੀਤਾ ਹੈ। ਨਵੀਂ ਬਣੀ ਚੰਨੀ ਸਰਕਾਰ ਵੀ ਹੁਣ ਰਾਜਨੀਤੀ ਕਰ ਰਹੀ ਹੈ ਤੇ ਸਰਕਾਰ ਵੱਲੋਂ ਝੂਠੇ ਬਿਆਨ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਡੀ.ਜੀ.ਪੀ ਪੰਜਾਬ ਨੂੰ ਬੇਅਦਬੀ ਮਾਮਲੇ ‘ਚ ਅਕਾਲੀ ਦਲ ਅਤੇ ਬਾਦਲ ਪਰਿਵਾਰ ਖਿਲਾਫ ਝੂਠੇ ਗਵਾਹ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਪ੍ਰਮਾਤਮਾ ਬੇਅਦਬੀ ਮਾਮਲੇ ‘ਤੇ ਰਾਜਨੀਤੀ ਕਰਨ ਵਾਲਿਆ ਨੂੰ ਕਦੇ ਮਾਫ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਨਸਾਫ ਚਾਹੁੰਦੀ ਹੈ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਬੇਅਦਬੀ ਦੇ ਦੋਸ਼ੀਆਂ ਉੱਪਰ ਕਾਰਵਾਈ ਕਰਨ ਲਈ ਕਦਮ ਚੁੱਕਣ।ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਬੇਅਦਬੀ ਮਾਮਲੇ ‘ਚ ਐੱਸ.ਆਈ.ਟੀ ਨੂੰ ਆਜ਼ਾਦ ਤੌਰ ‘ਤੇ ਕੰਮ ਕਰਨ ਲਈ ਕਿਹਾ ਸੀ। ਹੁਣ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉੱਪਮੁਖ ਮੰਤਰੀ ਸੁਖਜਿੰਦਰ ਰੰਧਾਵਾ ਦੱਸਣ ਕਿ ਉਹ ਹਾਈਕੋਰਟ ਦੇ ਨਿਰਦੇਸ਼ਾਂ ਖਿਲਾਫ ਐੱਸ.ਆਈ.ਟੀ ਦੀ ਮੀਟਿੰਗ ਕਿਵੇਂ ਕਰ ਸਕਦੇ ਹਨ।